ਵਿਦੇਸ਼ੀ ਸਾਈਬਰ ਠੱਗਾਂ ਨੂੰ ਜਾਣਕਾਰੀ ਵੇਚਣ ਵਾਲੇ ਕਾਬੂ
ਪਟਿਆਲਾ ਪੁਲੀਸ ਨੇ ਵਿਦੇਸ਼ ਬੈਠੇ ਸਾਈਬਰ ਠੱਗਾਂ ਦੀ ਮਦਦ ਕਰਨ ਵਾਲੇ ਗਰੋਹ ਦਾ ਪਰਦਫਾਸ਼ ਕੀਤਾ ਹੈ। ਮੁਲਜ਼ਮਾਂ ਵੱਲੋਂ ਪੈਸੇ ਦੇ ਲਾਲਚ ਲਈ ਫਿਲੀਪੀਨਜ਼ ਬੈਠੇ ਸਾਈਬਰ ਠੱਗਾਂ ਨੂੰ ਲੋਕਾਂ ਦੇ ਬੈਂਕ ਖਾਤੇ ਤੇ ਮੋਬਾਈਲ ਸਿਮ ਕਾਰਡ ਮੁਹੱਈਆ ਕਰਵਾਏ ਜਾਂਦੇ ਸਨ। ਪੁਲੀਸ ਨੇ ਇਸ ਗਰੋਹ ਦੇ ਚਾਰ ਮੈਂਬਰ ਨੂੰ ਕਾਬੂ ਕੀਤਾ ਹੈ। ਇਹ ਕੰਮ ਪਟਿਆਲਾ ਵਾਸੀ ਪੰਕਜ, ਅਰਸ਼ਦੀਪ ਤੇ ਮੰਗਾ ਸਿੰਘ ਚਲਾ ਰਹੇ ਸਨ। ਵਿਦੇਸ਼ ਬੈਠੇ ਵਿਅਕਤੀ ਇਨ੍ਹਾਂ ਦੀ ਮਦਦ ਨਾਲ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਉਂਦੇ ਸਨ। ਉਹ ਇਨ੍ਹਾਂ ਲੋਕਾਂ ਦੇ ਬੈਂਕ ਖਾਤਿਆਂ ’ਚ ਪੈਸੇ ਪੁਆ ਕੇ ਫਿਰ ਹੋਰ ਬੈਂਕ ਖਾਤਿਆਂ ’ਚੋਂ ਘੁਮਾ ਕੇ ਕਢਵਾ ਲੈਂਦੇ ਸਨ। ਐੱਸ ਐੱਸ ਪੀ ਨੇ ਦੱਸਿਆ ਕਿ ਇਹ ਗਰੋਹ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਨਾਮ ’ਤੇ ਖਾਤੇ ਖੁੱਲ੍ਹਵਾ ਕੇ ਉਨ੍ਹਾਂ ਦਾ ਵੇਰਵਾ ਆਪਣੇ ਕੋਲ ਰੱਖ ਲੈਂਦਾ ਸੀ। ਫਿਰ ਇਹ ਖਾਤੇ ਵਿਦੇਸ਼ ਬੈਠੇ ਸਾਈਬਰ ਠੱਗ ਬਾਬੂ ਅਤੇ ਸੂਮੀ (ਜੋ ਪੰਜਾਬੀ ਮੂਲ ਦੇ ਹਨ) ਨੂੰ ਵੇਚ ਦਿੰਦੇ ਸਨ। ਹੁਣ ਤਕ ਕੁੱਲ 30 ਤੋਂ ਵੱਧ ਬੈਂਕ ਖਾਤੇ ਵੇਚੇ ਗਏ ਹਨ ਜਿਨ੍ਹਾਂ ਰਾਹੀਂ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਇਸ ਗਿਰੋਹ ਨੇ ਇੱਥੇ ਚੌਰਾ ਰੋਡ ’ਤੇ ਕੁੱਝ ਸਮੇਂ ਲਈ ਇੱਕ ਅਣ-ਅਧਿਕਾਰਤ ਨਸ਼ਾ ਛੁਡਾਊ ਕੇਂਦਰ ਵੀ ਚਲਾਇਆ ਸੀ। ਇੱਥੇ ਨਸ਼ਾ ਕਰਨ ਵਾਲਿਆਂ ਨੂੰ 500 ਰੁਪਏ ਪ੍ਰਤੀ ਸਿਮ ਦਾ ਲਾਲਚ ਦੇ ਕੇ ਉਨ੍ਹਾਂ ਦੇ ਨਾਵਾਂ ’ਤੇ ਨਵੇਂ ਸਿਮ ਖ਼ਰੀਦ ਲਏ ਜਾਂਦੇ ਸਨ। ਕੋਰੀਅਰ ਰਾਹੀਂ ਹੁਣ ਤਕ ਵਿਦੇਸ਼ੀ ਠੱਗਾਂ ਨੂੰ 50 ਸਿਮ ਵੇਚੇ ਗਏ ਹਨ। ਇਹ ਸਿਮ ਵੇਚਣ ਦੇ ਦੋਸ਼ ਹੇਠ ਦੁਕਾਨ ਮਾਲਕ ਬੀਰਬਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।