ਜਾਅਲੀ ਅੰਗਹੀਣਤਾ ਸਰਟੀਫਿਕੇਟ ਬਣਾਉਣ ਵਾਲੇ ਗ੍ਰਿਫ਼ਤਾਰ
ਇਥੋਂ ਦੀ ਪੁਲੀਸ ਨੇ ਜਾਅਲੀ ਅੰਗਹੀਣਤਾ ਸਰਟੀਫ਼ਿਕੇਟ ਤਿਆਰ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ ਐੱਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਗਰੋਹ ਕਈ ਸਾਲਾਂ ਤੋਂ ਸਰਗਰਮ ਸੀ ਅਤੇ ਜਾਅਲੀ ਸਰਟੀਫਿਕੇਟ ਬਣਾ ਕੇ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਅਤੇ ਹੋਰ ਥਾਵਾਂ ’ਤੇ ਗੈਰ-ਕਾਨੂੰਨੀ ਲਾਭ ਪਹੁੰਚਾਉਂਦਾ ਸੀ। ਗਰੋਹ ਹਰ ਉਮੀਦਵਾਰ ਤੋਂ 5 ਤੋਂ 6 ਲੱਖ ਰੁਪਏ ਦੀ ਵਸੂਲਦਾ ਸੀ। ਇਸ ਸਬੰਧੀ ਸੈਕਟਰ-11/ਏ ਚੰਡੀਗੜ੍ਹ ਦੇ ਵਸਨੀਕ ਗੌਤਮ ਦੀ ਸ਼ਿਕਾਇਤ ’ਤੇ ਥਾਣਾ ਐਰੋਸਿਟੀ ਵਿੱਚ ਸਚਿਨ ਕੁਮਾਰ (ਵਾਸੀ ਪਿੰਡ ਕਾਦਮਾ, ਜ਼ਿਲ੍ਹਾ ਭਿਵਾਨੀ) ਅਤੇ ਰੋਹਿਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਜਦੋਂ ਰੋਹਿਤ ਨੂੰ ਪੇਸ਼ ਕੀਤਾ ਗਿਆ ਤਾਂ ਉਸ ਦੀ ਅਸਲ ਪਛਾਣ ਵਿਕਰਮ ਵਾਸੀ ਅਰਬਨ ਅਸਟੇਟ-2, ਹਿਸਾਰ (ਹਰਿਆਣਾ) ਵਜੋਂ ਹੋਈ। ਪੁਲੀਸ ਨੇ ਉਸ ਕੋਲੋਂ ਨਕਲੀ ਆਧਾਰ ਕਾਰਡ ਵੀ ਬਰਾਮਦ ਕੀਤਾ ਹੈ। ਡੀ ਐੱਸ ਪੀ ਨੇ ਦੱਸਿਆ ਕਿ ਮੁਲਜ਼ਮ ਵਿਕਰਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਗਿਆ। ਪੁੱਛ-ਪੜਤਾਲ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਦੋਸਤ ਤਰੁਨ ਗਰੇਵਾਲ ਨਾਲ ਮਿਲ ਕੇ ਕਈ ਸਾਲਾਂ ਤੋਂ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਹਾਸਲ ਕਰਨ ਦੇ ਚਾਹਵਾਨ ਉਮੀਦਵਾਰਾਂ ਦੇ ਜਾਅਲੀ ਅੰਗਹੀਣਤਾ ਸਰਟੀਫਿਕੇਟ ਤਿਆਰ ਕਰਕੇ ਉਨ੍ਹਾਂ ਨੂੰ ਪੇਪਰ ਦਿਵਾਉਂਦਾ ਸੀ। ਵਿਕਰਮ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਨੇ ਤਰੁਨ ਗਰੇਵਾਲ (ਵਾਸੀ ਹਿਸਾਰ) ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਲੈਪਟਾਪ, ਕਈ ਜਾਅਲੀ ਆਧਾਰ ਕਾਰਡ ਅਤੇ ਹੋਰ ਅਹਿਮ ਦਸਤਾਵੇਜ਼ ਬਰਾਮਦ ਕੀਤੇ ਹਨ।