ਜਿਊਂਦਿਆਂ ਨੂੰ ਜਿਹੜੇ ਮਾਰ ਚਲੇ ਗਏ, ਲੈ ਗਏ ਰੌਣਕਾਂ ਦਮਾਂ ਦੇ ਨਾਲ...
ਜਸਬੀਰ ਸਿੰਘ ਸ਼ੇਤਰਾ
‘ਕਬਰਾਂ ਲੰਮ-ਸਲੰਮੀਆਂ ਉੱਪਰ ਕੱਖ ਪਏ, ਉੱਧਰੋਂ ਕੋਈ ਨਾ ਪਰਤਿਆ ਇੱੱਧਰੋਂ ਲੱਖ ਗਏ, ਤੋੜ ਕੇ ਗੂੜ੍ਹੇ ਪਿਆਰ ਚਲੇ ਗਏ, ਜਿਊਂਦਿਆਂ ਨੂੰ ਜਿਹੜੇ ਮਾਰ ਚਲੇ ਗਏ, ਲੈ ਗਏ ਰੌਣਕਾਂ ਦਮਾਂ ਦੇ ਨਾਲ, ਮਿੱਟੀ ਨਾ ਫਰੋਲ ਜੋਗੀਆ, ਨਹੀਓਂ ਲੱਭਣੇ ਗੁਆਚੇ ਹੋਏ ਲਾਲ..!’’ ਵਰਗੇ ਗੀਤਾਂ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਦੀ ਆਵਾਜ਼ ਸਦਾ ਲਈ ਖ਼ਾਮੋਸ਼ ਹੋ ਗਈ ਹੈ। ਪਿੰਡ ਪੋਨਾ ਦੇ ਵਸਨੀਕ ਗਾਇਕ ਰਾਜਵੀਰ ਜਵੰਦਾ (35) ਨੇ ਗਾਇਕੀ ਨੂੰ ਕਿੱਤੇ ਵਜੋਂ ਅਪਣਾਇਆ ਪਰ ਉਸ ਦੇ ਦੋ ਹੋਰ ਸ਼ੌਕ ਸਨ ਜਿਨ੍ਹਾਂ ’ਚ ਬਾਈਕ ਰਾਈਡਿੰਗ ਤੇ ਪੈਰਾਗਲਾਈਡਿੰਗ ਸ਼ਾਮਲ ਹਨ। ਉਹ ਅਸਕਰ ਆਪਣੇ ਚਾਰ-ਪੰਜ ਦੋਸਤਾਂ ਨਾਲ ਪਹਾੜਾਂ ’ਤੇ ਮੋਟਰਸਾਈਕਲਾਂ ’ਤੇ ਜਾਂਦਾ ਹੁੰਦਾ ਸੀ। ਸੜਕ ਦੁਰਘਟਨਾ ਵਾਲੇ ਦਿਨ ਵੀ ਉਹ ਵੀਹ ਲੱਖ ਰੁਪਏ ਤੋਂ ਵੱਧ ਕੀਮਤ ਦੇ ਨਵੇਂ ਖ਼ਰੀਦੇ ਮੋਟਰਸਾਈਕਲ ’ਤੇ ਸਵਾਰ ਸੀ। ਕਰੀਬ ਗਿਆਰਾਂ ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਗਾਇਕ ਰਾਜਵੀਰ ਜਵੰਦਾ ਨੇ ਅੱਜ ਸਵੇਰੇ ਆਖ਼ਰੀ ਸਾਹ ਲਏ।
ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਰਾਜਵੀਰ ਜਵੰਦਾ ਨੇ ਜਗਰਾਉਂ ਦੇ ਲਾਜਪਤ ਰਾਏ ਡੀ ਏ ਵੀ ਕਾਲਜ ਵਿੱਚ ਦਾਖ਼ਲਾ ਲਿਆ। ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਤੇ ਮਰਹੂਮ ਗਾਇਕ ਦੇ ਕਾਲਜ ਸਮੇਂ ਨੇੜੇ ਰਹੇ ਪ੍ਰੋ. ਕਰਮ ਸਿੰਘ ਸੰਧੂ ਦੱਸਦੇ ਹਨ ਕਿ ਰਾਜਵੀਰ ਜਵੰਦਾ ਬਹੁਤ ਸੰਗਾਊ ਤੇ ਨਿੱਘੇ ਸੁਭਾਅ ਦਾ ਮਾਲਕ ਸੀ। ਉਸ ਦੀ ਗਾਇਕੀ ਦੀ ਸ਼ੁਰੂਆਤ ਭੰਗੜੇ ’ਚ ਬੋਲੀਆਂ ਤੋਂ ਹੋਈ। ਬੱਸ ਇੱਕ ਵਾਰ ਸਟੇਜ ’ਤੇ ਚੜ੍ਹਨ ਦੀ ਦੇਰ ਸੀ, ਮੁੜ ਉਸ ਨੇ ਪਿੱਛੇ ਨਹੀਂ ਦੇਖਿਆ। ਸਥਾਨਕ ਡੀ ਏ ਵੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉੱਚ ਸਿੱਖਿਆ ਹਾਸਲ ਕੀਤੀ। ਯੂਥ ਫੈਸਟੀਵਲਾਂ ’ਚ ਉਹ ਰਿਕਾਰਡ ਗਿਆਰਾਂ ਵਾਰ ਅੱਵਲ ਰਿਹਾ ਅਤੇ ਸੋਨ ਤਗ਼ਮੇ ਵੀ ਜਿੱਤੇ। ਗਾਇਕ ਜਵੰਦਾ ਦਾ ਦੋਸਤ ਰਾਜਦੀਪ ਢਿੱਲੋਂ ਅਕਸਰ ਮੋਟਰਸਾਈਕਲ ’ਤੇ ਉਸ ਦੇ ਨਾਲ ਜਾਂਦਾ ਸੀ। ਉਸ ਨੇ ਦੱਸਿਆ ਕਿ ਉਹ ਕਿਸੇ ਕਾਰਨ ਇਸ ਵਾਰ ਰਾਜਵੀਰ ਦੇ ਨਾਲ ਨਹੀਂ ਜਾ ਸਕਿਆ। ਰਾਜਦੀਪ ਨੇ ਦੱਸਿਆ ਕਿ ਅਕਸਰ ਉਹ ਚਾਰ-ਪੰਜ ਦੋਸਤ ਮੋਟਰਸਾਈਕਲਾਂ ’ਤੇ ਪਹਾੜਾਂ ਵਿੱਚ ਜਾਂਦੇ ਸਨ। ਗਾਇਕੀ ਤੋਂ ਇਲਾਵਾ ਰਾਜਵੀਰ ਜਵੰਦਾ ਨੇ ਚਾਰ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਸਾਬਕਾ ਥਾਣੇਦਾਰ ਮਰਹੂਮ ਕਰਮ ਸਿੰਘ ਦੇ ਪੁੱਤਰ ਰਾਜਵੀਰ ਜਵੰਦਾ ਨੇ ਪਿਛਲੀਆਂ ਪੰਚਾਇਤੀ ਚੋਣਾਂ ਵਿੱਚ ਆਪਣੀ ਮਾਂ ਪਰਮਜੀਤ ਕੌਰ ਨੂੰ ਸਰਪੰਚ ਬਣਾ ਕੇ ਉਸ ਦਾ ਸੁਫ਼ਨਾ ਪੂਰਾ ਕੀਤਾ ਸੀ। ਉਹ ਆਪਣੇ ਪਿਤਾ ਵਾਂਗ ਪੁਲੀਸ ਵਿੱਚ ਵੀ ਭਰਤੀ ਹੋਇਆ ਪਰ ਗਾਇਕੀ ਵਿੱਚ ਸਥਾਪਤ ਹੋਣ ਕਰ ਕੇ ਉਸ ਨੇ ਪੁਲੀਸ ਦੀ ਨੌਕਰੀ ਛੱਡ ਦਿੱਤੀ ਸੀ। ਹੁਣ ਕੁਝ ਦੇਰ ਤੋਂ ਉਸ ਨੇ ਆਪਣੀ ਰਿਹਾਇਸ਼ ਮੁਹਾਲੀ ਵਿੱਚ ਕਰ ਲਈ ਸੀ ਪਰ ਪਿੰਡ ਨਾਲ ਮੋਹ ਉਸੇ ਤਰ੍ਹਾਂ ਕਾਇਮ ਰਿਹਾ।
ਉਹ ਅਕਸਰ ਪਿੰਡ ਗੇੜਾ ਮਾਰਦਾ ਰਹਿੰਦਾ ਸੀ। ਰਾਜਵੀਰ ਜਵੰਦਾ ਸਟੇਜ ਬੰਨ੍ਹਣ ਦਾ ਧਨੀ ਸੀ, ਇਸੇ ਕਰ ਕੇ ਉਸ ਕੋਲ ਲਗਾਤਾਰ ਪ੍ਰੋਗਰਾਮ ਰਹਿੰਦੇ ਸਨ। ਸ਼ੋਹਰਤ ਦੀਆਂ ਬੁਲੰਦੀਆਂ ਛੂਹਣ ਦੇ ਬਾਵਜੂਦ ਉਸ ਨੇ ਪੈਰ ਨਹੀਂ ਛੱਡੇ ਸਨ। ਗਾਇਕ ਜਵੰਦਾ ਦੇ ਸਦੀਵੀਂ ਵਿਛੋੜੇ ਨਾਲ ਪਿੰਡ ਸਣੇ ਇਲਾਕੇ ਵਿੱਚ ਸੋਗ ਹੈ।
ਪੋਨਾ ’ਚ ਸਸਕਾਰ ਅੱਜ
ਸਰਪੰਚ ਹਰਪ੍ਰੀਤ ਸਿੰਘ ਰਾਜੂ ਨੇ ਦੱਸਿਆ ਕਿ ਰਾਜਵੀਰ ਜਵੰਦਾ ਦਾ ਸਸਕਾਰ ਭਲਕੇ 9 ਅਕਤੂਬਰ ਨੂੰ ਕੀਤਾ ਜਾਵੇਗਾ। ਅੱਜ ਸਾਰਾ ਦਿਨ ਉਸ ਦੇ ਜੱਦੀ ਘਰ ਵਿੱਚ ਵੱਡੀ ਗਿਣਤੀ ਲੋਕ ਆਉਂਦੇ ਰਹੇ ਅਤੇ ਦਿਨ ਛਿਪਣ ਤੱਕ ਲੋਕ ਘਰ ਦੇ ਬਾਹਰ ਗ਼ਮਗੀਨ ਮਾਹੌਲ ਵਿੱਚ ਇਕੱਤਰ ਹੁੰਦੇ ਰਹੇ। ਗਾਇਕ ਜਵੰਦਾ ਦੇ ਪਰਿਵਾਰ ਵਿੱਚ ਮਾਂ, ਪਤਨੀ ਤੇ ਦੋ ਬੱਚੇ ਹਨ।