ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਮਾਨ: ਜਾਖੜ
ਹਤਿੰਦਰ ਮਹਿਤਾ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਜਲੰਧਰ ਪੁੱਜੇ। ਉਨ੍ਹਾਂ ਹੜ੍ਹ ਪੀੜਤਾਂ ਨੂੰ ਭੇਜੇ ਜਾਣ ਵਾਲੇ ਰਾਹਤ ਸਮੱਗਰੀ ਦੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਉਨ੍ਹਾਂ ਪੰਜਾਬ ਸਰਕਾਰ ’ਤੇ ਰਾਹਤ ਫੰਡਾਂ ਅਤੇ ਹੋਰ ਹਿੱਸਿਆਂ ਵਿੱਚ ਧੋਖਾਧੜੀ ਦਾ ਦੋਸ਼ ਲਗਾਇਆ।
ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਹੜ੍ਹ ਦਾ ਪਾਣੀ ਘਟ ਜਾਵੇਗਾ, ਉਦੋਂ ਅਸਲ ਨੁਕਸਾਨ ਦਾ ਪਤਾ ਲੱਗੇਗਾ। ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਸੀ ਕਿ 60 ਹਜ਼ਾਰ ਕਰੋੜ ਬਕਾਇਆ ਹੈ। ਜਿਸ ਆਧਾਰ ’ਤੇ ਸੂਬਾ ਸਰਕਾਰ ਨੇ 60 ਹਜ਼ਾਰ ਰੁਪਏ ਜੋੜੇ ਹਨ, ਇਹ ਸਰਕਾਰ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਨੂੰ ਦਰਸਾਉਂਦਾ ਹੈ। ਕੇਂਦਰ ਤੋਂ ਪੈਸੇ ਲੈਣ ਬਾਰੇ ਹਰ ਨੇਤਾ ਅਤੇ ਅਧਿਕਾਰੀ ਦੇ ਵੱਖੋ-ਵੱਖਰੇ ਬਿਆਨ ਹਨ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਆਫ਼ਤ ਪ੍ਰਬੰਧਨ ਲਈ ਪੈਸੇ ਹਨ ਅਤੇ ਉਹ ਇਸ ਦੀ ਵਰਤੋਂ ਕਰਨਗੇ ਪਰ ਹੁਣ ਮੁੱਖ ਮੰਤਰੀ ਆਫ਼ਤ ਲਈ ਪੈਸੇ ਮੰਗ ਰਹੇ ਹਨ। ਜਾਖੜ ਨੇ ਕਿਹਾ ਫਿਰ ਵੀ ਭਾਜਪਾ ਸਰਕਾਰ ਨੇ ਸੂਬਾ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਲਗਪਗ 1600 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਇਲਾਜ ਲਈ ਹਸਪਤਾਲ ਵਿੱਚ ਰਹਿਣਾ ਚਾਹੀਦਾ ਸੀ ਕਿਉਂਕਿ ਸਰਕਾਰ ਅਰਵਿੰਦ ਕੇਜਰੀਵਾਲ ਹੀ ਚਲਾ ਰਹੇ ਹਨ।
ਮੁੱਢਲੇ ਕਾਰਜਾਂ ਲਈ ਹੈ 1600 ਕਰੋੜ ਦਾ ਪੈਕੇਜ: ਬਿੱਟੂ
ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨਿਆ ਗਿਆ 1600 ਕਰੋੜ ਰੁਪਏ ਦਾ ਪੈਕੇਜ ਕੋਈ ਤੁਰੰਤ ਰਾਹਤ ਦੇਣ ਵਾਲਾ ਪੈਕੇਜ ਨਹੀਂ ਹੈ, ਸਗੋਂ ਇਹ ਮੁੱਖ ਤੌਰ ’ਤੇ ਮੁੱਢਲੇ ਕਾਰਜਾਂ ਤੇ ਖਰਚਿਆਂ ਨੂੰ ਚਲਾਉਣ ਲਈ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਦੀਆਂ ਨੀਤੀਆਂ ਨੂੰ ਸੂਬੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।