ਢਾਈ ਸੌ ਸਾਲ ਪੁਰਾਣੇ ਮੰਦਰ ਵਿੱਚ ਚੋਰੀ
ਪਰਮਜੀਤ ਸਿੰਘ ਕੁਠਾਲਾ
ਇੱਥੋਂ ਦੇ ਸਦਰ ਬਾਜ਼ਾਰ ਵਿੱਚ ਕਰੀਬ ਢਾਈ ਸੌ ਸਾਲ ਪੁਰਾਣੇ ਜੈਨ ਮੰਦਰ ’ਚ ਚੋਰੀ ਹੋ ਗਈ ਹੈ। ਲੰਘੀ ਰਾਤ ਚੋਰ ਗੋਲਕ ਤੋੜ ਕੇ ਕਰੀਬ ਇੱਕ ਲੱਖ ਰੁਪਏ ਦੀ ਦਾਨ ਰਾਸ਼ੀ, ਪੰਜ ਛੋਟੀਆਂ ਗੋਲਕਾਂ, ਅਲਮਾਰੀਆਂ ਤੋੜ ਕੇ ਕਰੀਬ ਇੱਕ ਕਿੱਲੋੋ ਚਾਂਦੀ ਦੇ ਗਹਿਣੇ ਅਤੇ ਤਿੰਨ ਧਾਰਮਿਕ ਗ੍ਰੰਥ ਚੋਰੀ ਕਰਕੇ ਫ਼ਰਾਰ ਹੋ ਗਏ ਹਨ।
ਚੋਰਾਂ ’ਤੇ ਮੰਦਰ ਵਿੱਚ ਧਾਰਮਿਕ ਮੂਰਤੀਆਂ ਦੀ ਬੇਅਦਬੀ ਕਰਨ ਦੇ ਵੀ ਦੋਸ਼ ਲੱਗੇ ਹਨ। ਪੁਲੀਸ ਨੇ ਮੰਦਰ ਕਮੇਟੀ ਦੇ ਕੈਸ਼ੀਅਰ ਅਜੈ ਜੈਨ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿੱਚ ਅਜੈ ਜੈਨ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮੰਦਰ ਪਹੁੰਚਿਆ ਤਾਂ ਵੇਖਿਆ ਕਿ ਮੰਦਰ ਦੀ ਦਾਨ ਪੇਟੀ ਤੋੜ ਕੇ ਚੋਰ ਉਸ ਵਿੱਚੋਂ ਰਾਸ਼ੀ, ਪੰਜ ਛੋਟੀਆਂ ਗੋਲਕਾਂ (ਦਾਨ ਰਾਸ਼ੀ ਸਮੇਤ), ਅਲਮਾਰੀਆਂ ਤੋੜ ਕੇ ਉਨ੍ਹਾਂ ਵਿੱਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ, ਤਿੰਨ ਧਾਰਮਿਕ ਗ੍ਰੰਥ ਚੋਰੀ ਕਰਕੇ ਫ਼ਰਾਰ ਹੋ ਗਏ ਹਨ।
ਅਜੈ ਜੈਨ ਦੇ ਮੁਤਾਬਕ ਇਸ ਮੰਦਰ ਮੰਦਰ ਦੀਆਂ ਗੋਲਕਾਂ ਹਰ ਸਾਲ ਸਤੰਬਰ ਅਕਤੂਬਰ ਮਹੀਨਿਆਂ ਦੌਰਾਨ ਖੋਲ੍ਹੀਆਂ ਜਾਂਦੀਆਂ ਹਨ, ਪਰ ਸ਼ਰਾਰਤੀ ਅਨਸਰਾਂ ਨੇ ਇਕ ਮਹੀਨਾ ਪਹਿਲਾਂ ਹੀ ਚੋਰੀ ਕਰਕੇ ਲੈ ਗਏ। ਉਨ੍ਹਾਂ ਮੰਦਰ ’ਚ ਸੁਸ਼ੋਭਿਤ ਮੂਰਤੀਆਂ ਦੀ ਬੇਅਦਬੀ ਹੋਣ ਦਾ ਵੀ ਦੋਸ਼ ਲਾਇਆ ਹੈ। ਮੰਦਰ ਅੰਦਰ ਧਾਰਮਿਕ ਕਾਰਜਾਂ ਲਈ ਲੋੜੀਂਦੇ ਸਾਮਾਨ ਦੀ ਵੀ ਭੰਨਤੋੜ ਕੀਤੀ ਗਈ ਹੈ।