ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ’ਚ ਮੌਸਮ ਨੇ ਬਦਲੇ ਰੰਗ, ਕਿਤੇ ਧੁੱਪ ਤੇ ਕਿਤੇ, ਮੀਂਹ ਤੇ ਗੜੇ

ਲੁਧਿਆਣਾ ਵਿੱਚ ਸਭ ਤੋਂ ਵੱਧ ਮੀਂਹ ਪਿਆ; ਅੱਜ ਕਈ ਥਾਵਾਂ ’ਤੇ ਹਲਕੀ ਬਾਰਸ਼ ਦੀ ਪੇਸ਼ੀਨਗੋਈ
ਲੁਧਿਆਣਾ ਵਿੱਚ ਮੰਗਲਵਾਰ ਰਾਤ ਨੂੰ ਮੀਂਹ ਦੌਰਾਨ ਆਪਣੀ ਮੰਜ਼ਿਲ ਵੱਲ ਵਧਦਾ ਹੋਇਆ ਸਾਈਕਲ ਸਵਾਰ। ਇੱਥੇ ਸ਼ਾਮ ਨੂੰ ਮੀਂਹ ਅਤੇ ਝੱਖੜ ਮਗਰੋਂ ਮੀਂਹ ਪਿਆ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 3 ਜੂਨ

Advertisement

ਪੰਜਾਬ ਵਿੱਚ ਕਈ ਥਾਵਾਂ ’ਤੇ ਬੀਤੀ ਰਾਤ ਪਏ ਮੀਂਹ ਮਗਰੋਂ ਅੱਜ ਸਵੇਰੇ ਨਿਕਲੀ ਤਿੱਖੀ ਧੁੱਪ ਕਰਕੇ ਗਰਮੀ ਨੇ ਮੁੜ ਜ਼ੋਰ ਫੜ ਲਿਆ। ਹਾਲਾਂਕਿ, ਬਾਅਦ ਦੁਪਹਿਰ ਕਈ ਥਾਵਾਂ ’ਤੇ ਮੌਸਮ ਦਾ ਮਿਜ਼ਾਜ ਮੁੜ ਬਦਲ ਗਿਆ। ਹਨੇਰੀ ਤੇ ਤੂਫਾਨ ਮਗਰੋਂ ਮੀਂਹ ਤੇ ਗੜੇਮਾਰੀ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਵੀ ਦਿਵਾ ਦਿੱਤੀ। ਫਰੀਦਕੋਟ ਤੇ ਫਾਜ਼ਿਲਕਾ ਇਲਾਕੇ ਵਿੱਚ ਹਨੇਰੀ ਤੇ ਝੱਖੜ ਮਗਰੋਂ ਮੀਂਹ ਦੇ ਨਾਲ ਬਰੀਕ ਗੜੇਮਾਰੀ ਵੀ ਹੋਈ ਹੈ। ਇਸ ਦੇ ਨਾਲ ਹੀ ਤੇਜ਼ ਮੀਂਹ ਵੀ ਪਿਆ। ਇਸ ਦੌਰਾਨ ਮੌਸਮ ਵਿਗਿਆਨੀਆਂ ਨੇ ਭਲਕੇ ਬੁੱਧਵਾਰ ਨੂੰ ਸੂਬੇ ਵਿੱਚ ਕਈ ਥਾਵਾਂ ’ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਹਲਕਾ ਮੀਂਹ ਪੈਣ ਦੀ ਵੀ ਪੇਸ਼ੀਨਗੋਈ ਕੀਤੀ ਹੈ।

ਮੌਸਮ ਵਿਭਾਗ ਮੁਤਾਬਕ, ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ ਲੁਧਿਆਣਾ ਸ਼ਹਿਰ ਵਿੱਚ 22.8 ਐੱਮਐੱਮ ਮੀਂਹ ਪਿਆ। ਇਸ ਤੋਂ ਇਲਾਵਾ ਪਠਾਨਕੋਟ ਵਿੱਚ 19.5 ਐੱਮਐੱਮ, ਪਟਿਆਲਾ ਵਿੱਚ 8.4 ਐੱਮਐੱਮ, ਫਰੀਦਕੋਟ ਵਿੱਚ 3 ਐੱਮਐੱਮ, ਗੁਰਦਾਸਪੁਰ ਵਿੱਚ 2.9 ਐੱਮਐੱਮ, ਨਵਾਂ ਸ਼ਹਿਰ ਵਿੱਚ 7.7 ਐੱਮਐੱਮ, ਮੁਹਾਲੀ ਵਿੱਚ 2 ਐੱਮਐੱਮ, ਰੋਪੜ ਵਿੱਚ 2.5 ਐੱਮਐੱਮ ਮੀਂਹ ਪਿਆ ਹੈ। ਹਾਲਾਂਕਿ, ਅੱਜ ਪੰਜਾਬ ਦੇ ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਪਟਿਆਲਾ, ਬਠਿੰਡਾ, ਸੰਗਰੂਰ, ਬਰਨਾਲਾ ਤੇ ਮਾਨਸਾ ਵਿੱਚ ਕਿੱਤੇ-ਕਿੱਤੇ ਮੀਂਹ ਪਿਆ ਹੈ। ਇਸ ਮੀਂਹ ਨਾਲ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ ਝੋਨੇ ਦੀ ਲੁਆਈ ਸ਼ੁਰੂ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ , ਅੰਮ੍ਰਿਤਸਰ ’ਚ 35.5, ਲੁਧਿਆਣਾ ’ਚ 35.8, ਪਟਿਆਲਾ ’ਚ 35, ਪਠਾਨਕੋਟ ’ਚ 35.1, ਬਠਿੰਡਾ ’ਚ 36.6, ਫਰੀਦਕੋਟ ’ਚ 34.5, ਗੁਰਦਾਸਪੁਰ ’ਚ 37.5, ਨਵਾਂ ਸ਼ਹਿਰ ’ਚ 34.2, ਫਤਹਿਗੜ੍ਹ ਸਾਹਿਬ ’ਚ 33.8, ਫਿਰੋਜ਼ਪੁਰ ’ਚ 33.6, ਹੁਸ਼ਿਆਰਪੁਰ ’ਚ 35.3, ਮੁਹਾਲੀ ’ਚ 35.7, ਰੂੁਪਨਗਰ ’ਚ 36, ਸੰਗਰੂਰ ’ਚ 37.6, ਜਲੰਧਰ ’ਚ 34.1 ਅਤੇ ਮੋਗਾ ’ਚ 32.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਘੱਟ ਰਿਹਾ ਹੈ।

Advertisement