ਘੱਗਰ ਦਰਿਆ ਦਾ ਪਾਣੀ ਦਾ ਪੱਧਰ 750.6 ਹੋਇਆ
ਪਿੰਡ ਸ਼ੁਤਰਾਣਾ ਦੇ ਖੇਤਾਂ ਵਿੱਚ ਪੁਰਾਣੀ ਪਾਈਪ ਲਾਈਨ ਲੀਕ ਹੋਣ ਕਾਰਨ ਸੌ ਏਕੜ ਵਿੱਚ ਪਾਣੀ ਭਰ ਗਿਆ। ਪਿੰਡ ਵਾਸੀਆਂ ਨੇ ਕਾਫ਼ੀ ਜੱਦੋ-ਜਹਿਦ ਮਗਰੋਂ ਪਾਣੀ ਬੰਦ ਕੀਤਾ। ਇਸੇ ਤਰ੍ਹਾਂ ਪਿੰਡ ਅਰਨੇਟੂ ਦਾ ਕਾਫੀ ਰਕਬੇ ਵਿੱਚ ਬਰਸਾਤੀ ਪਾਣੀ ਭਰਿਆ ਹੋਣ ਕਰਕੇ ਫਸਲਾਂ ਕਈ ਦਿਨਾਂ ਤੋਂ ਡੁੱਬੀਆਂ ਪਈਆਂ ਹਨ।
ਪਿੰਡ ਮਤੌਲੀ ਦੇ ਵਸਨੀਕਾਂ ਨੇ ਦੱਸਿਆ ਕਿ ਐਕਸਪ੍ਰੈੱਸਵੇਅ ਦੇ ਥੱਲਿਓਂ ਲੰਘਦੇ ਘੱਗਰ ਦਰਿਆ ਦਾ ਸਰਕਾਰੀ ਅਤੇ ਪ੍ਰਾਈਵੇਟ ਬੰਨ੍ਹ ਐਕਸਪ੍ਰੈੱਸਵੇਅ ਦੇ ਨਿਰਮਾਣ ਦੌਰਾਨ ਨੁਕਸਾਨਿਆ ਗਿਆ ਸੀ। ਸਮਾਂ ਰਹਿੰਦੇ ਜੇਕਰ ਪਿੰਡਾਂ ਦੇ ਲੋਕ ਬੰਨਿਆਂ ਨੂੰ ਆਪਣੇ ਸਾਧਨਾਂ ਰਾਹੀਂ ਮਜ਼ਬੂਤ ਨਾ ਕਰਦੇ ਤਾਂ ਵੱਡੀ ਬਰਬਾਦੀ ਹੋ ਜਾਣੀ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਸਰਕਾਰੀ ਰਿਪੋਰਟ ’ਚ ਪਾਣੀ ਘਟਣਾ ਸ਼ੁਰੂ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਪਾਣੀ ਅਜੇ ਘਟਨਾ ਸ਼ੁਰੂ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਪਿੰਡ ਸ਼ੁਤਰਾਣਾ ਦੇ ਡੇਰਾ ਲਾਹੌਰੀਆਂ ਦੇ ਖੇਤਾਂ ਵਿੱਚ ਸਿੰਚਾਈ ਲਈ ਘੱਗਰ ਵਿੱਚ ਪਾਈ ਪੁਰਾਣੀ ਪਾਈਪ ਲਾਈਨ ਲੀਕ ਹੋ ਜਾਣ ਕਰਕੇ ਦਵਿੰਦਰ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਪ੍ਰਗਟ ਸਿੰਘ, ਨਿਰਮਲ ਸਿੰਘ, ਬਲਿਹਾਰ ਸਿੰਘ, ਰਾਜ ਸਿੰਘ, ਵਿਕਰਮਜੀਤ ਸਿੰਘ, ਨਾਨਕ ਸਿੰਘ, ਗੁਲਾਬ ਸਿੰਘ, ਸੁਰਜੀਤ ਸਿੰਘ, ਹਰਮਨ ਸਿੰਘ ਦੇ 100 ਦੇ ਏਕੜ ਰਕਬੇ ਵਿੱਚ ਘੱਗਰ ਦਾ ਪਾਣੀ ਭਰ ਗਿਆ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਹੈ ਕਿ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਕਈ ਦਿਨਾਂ ਤੋਂ ਘਟ ਨਹੀਂ ਰਿਹਾ ਜਿਸ ਕਾਰਨ ਘੱਗਰ ਦਰਿਆ ਦੇ ਬੰਨ੍ਹ ਕਮਜ਼ੋਰ ਪੈਣੇ ਸ਼ੁਰੂ ਹੋ ਚੁੱਕੇ ਹਨ।
ਪਿੰਡ ਅਰਨੇਟੂ ਘੱਗਰ ਦਰਿਆ ਨਾਲ ਲੱਗਦੇ ਕਾਫੀ ਰਕਬੇ ਵਿੱਚ ਬਰਸਾਤਾਂ ਦਾ ਪਾਣੀ ਭਰ ਜਾਣ ਕਾਰਨ ਵੱਡੀ ਪੱਧਰ ’ਤੇ ਫਸਲਾਂ ਬਰਬਾਦ ਹੋਈਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ 2023 ਵਿੱਚ ਘੱਗਰ ਦਰਿਆ ਦਾ ਬੰਨ੍ਹ ਟੁੱਟ ਜਾਣ ਕਾਰਨ ਉਨ੍ਹਾਂ ਦੇ ਪਿੰਡ ਨੂੰ ਵੱਡੀ ਮਾਰ ਚੱਲਣੀ ਪਈ ਸੀ । ਉਸ ਸਮੇਂ ਸੈਂਕੜੇ ਫ਼ਸਲਾਂ ਬਰਬਾਦ ਹੋਈ ਸੀ। ਇਸ ਵਾਰ ਘੱਗਰ ਦੇ ਪਾਣੀ ਦਾ ਪੱਧਰ ਕਈ ਦਿਨਾਂ ਤੋਂ ਬਰਾਬਰ ਚੱਲਣ ਕਰਕੇ ਨੀਵੀਆਂ ਥਾਵਾਂ ’ਤੇ ਭਰਿਆ ਬਰਸਾਤ ਪਾਣੀ ਨਿਕਲ ਨਹੀਂ ਰਿਹਾ, ਜਿਸ ਕਾਰਨ ਕਈ ਦਿਨਾਂ ਡੁੱਬੀਆਂ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਹੜ੍ਹਾਂ ਦੌਰਾਨ ਉਨ੍ਹਾਂ ਦੀ ਸੜਕ ਬੁਰੀ ਟੁੱਟੀ ਸੀ ਜਿਸ ਦੀ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਮੁਰੰਮਤ ਨਹੀਂ ਕਰਵਾਈ ਗਈ। ਲੋਕਾਂ ਨੂੰ ਪਾਤੜਾਂ, ਸਮਾਣਾ ਅਤੇ ਪਿੰਡ ਦੇ ਬੱਚਿਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਜਾਣ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।