ਦਿ ਟ੍ਰਿਬਿਊਨ ਗਰੁੱਪ ਦੇ ਮੁਲਾਜ਼ਮਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ
ਪੰਜਾਬ ’ਚ ਹੜ੍ਹਾਂ ਕਰ ਕੇ ਲੱਖਾਂ ਲੋਕ ਬੇਘਰ ਹੋ ਗਏ ਹਨ। ਇਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਲਈ ‘ਦਿ ਟ੍ਰਿਬਿਊਨ ਗਰੁੱਪ ਆਫ਼ ਪਬਲੀਕੇਸ਼ਨਜ਼’ ਦੇ ਮੁਲਾਜ਼ਮ ਵੀ ਅੱਗੇ ਆਏ ਹਨ, ਜਿਨ੍ਹਾਂ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਡੇਰਾ ਬਾਬਾ ਨਾਨਕ ਤੇ ਅਜਨਾਲਾ ਦੇ ਵੱਖ-ਵੱਖ ਪਿੰਡਾਂ ’ਚ ਰਾਹਤ ਸਮੱਗਰੀ ਭੇਜੀ ਹੈ।
ਇਸ ਮੌਕੇ ‘ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ’ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ ਤੇ ਹੋਰਨਾਂ ਮੈਂਬਰਾਂ ਨੇ ਮਿਲ ਕੇ ਹੜ੍ਹ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਦਿੱਤੀ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਧਵਾਵਾਂ ਅਤੇ ਵਿਆਹ ਯੋਗ ਮੁਟਿਆਰਾਂ ਨੂੰ ਵੀ ਵਿੱਤੀ ਸਹਾਇਤਾ ਦਿੱਤੀ ਗਈ, ਤਾਂ ਜੋ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਨੂੰ ਆਰਥਿਕ ਮਦਦ ਮਿਲ ਸਕੇ। ‘ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ’ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ ਨੇ ਕਿਹਾ ਕਿ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਆਏ ਹੜ੍ਹਾਂ ਕਰ ਕੇ ਲੋਕਾਂ ਦਾ ਵਧੇਰੇ ਨੁਕਸਾਨ ਹੋ ਗਿਆ ਹੈ।
ਕਿਸਾਨਾਂ ਦੀ ਲੱਖਾਂ ਏਕੜ ਫ਼ਸਲ ਤਬਾਹ ਹੋ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਗਏ ਹਨ। ਜ਼ਿਆਦਾਤਰ ਲੋਕਾਂ ਦਾ ਘਰੇਲੂ ਸਾਮਾਨ ਬਰਬਾਦ ਹੋਇਆ ਹੈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਵਿੱਚ ਸਾਰਿਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ‘ਦਿ ਟ੍ਰਿਬਿਊਨ ਟਰੱਸਟ’ ਦੇ ਕਰਮਚਾਰੀ ਆਉਣ ਵਾਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਹਰ ਪ੍ਰਭਾਵਿਤ ਵਿਅਕਤੀ ਦੀ ਮਦਦ ਲਈ ‘ਦਿ ਟ੍ਰਿਬਿਊਨ ਟਰੱਸਟ’ ਦੇ ਕਰਮਚਾਰੀ ਆਪਣੀ ਸਮਰੱਥਾ ਅਨੁਸਾਰ ਮਦਦ ਕਰਨਗੇ।