ਹੱਤਿਆ ਕਰਨ ਵਾਲਾ ਸ਼ੂਟਰ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ
ਇਥੇ ਪਿੰਡ ਬ੍ਰਾਹਮਣ ਵਾਲਾ ਵਿੱਚ ਮੁਹਾਲੀ ਵਾਸੀ ਦਾ ਕਤਲ ਕਰਨ ਵਾਲਾ ਸ਼ੂਟਰ ਅੱਜ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਪੁਲੀਸ ਉਸ ਨੂੰ ਵਾਰਦਾਤ ਲਈ ਵਰਤੇ ਮੋਟਰਸਾਈਕਲ ਦੀ ਬਰਾਮਦਗੀ ਲਈ ਲੈ ਕੇ ਗਈ ਸੀ। ਮੁਲਜ਼ਮ ਖ਼ਿਲਾਫ਼ ਪੁਲੀਸ ਉਪਰ ਗੋਲੀਆਂ ਚਲਾਉਣ ਦਾ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ 22 ਜੁਲਾਈ ਨੂੰ ਪਿੰਡ ਬ੍ਰਾਹਮਣ ਵਾਲਾ ਵਿੱਚ ਮੁਹਾਲੀ ਦੇ ਵਸਨੀਕ ਯਾਦਵਿੰਦਰ ਸਿੰਘ ਦੀ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਦਵਿੰਦਰ ਬੰਬੀਹਾ ਗੈਂਗ ਦੇ ਵਿਦੇਸ਼ ਬੈਠੇ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਦੇ ਇਸ਼ਾਰੇ ’ਤੇ ਅੰਜਾਮ ਦੇਣ ਦਾ ਪਤਾ ਲੱਗਣ ਮਗਰੋਂ ਮੁੱਖ ਮੁਲਜ਼ਮ ਚਿੰਕੀ ਵਾਸੀ ਜੈਤੋ ਅਤੇ ਉਸ ਨੂੰ ਪਨਾਹ ਦੇਣ ਵਾਲੇ ਸੂਰਜ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਸਐੱਸਪੀ ਨੇ ਦੱਸਿਆ ਕਿ ਸੋਮਵਾਰ ਦੀ ਸਵੇਰੇ ਇੰਸਪੈਕਟਰ ਚਮਕੌਰ ਸਿੰਘ ਪੁਲੀਸ ਪਾਰਟੀ ਸਣੇ ਚਿੰਕੀ ਨੂੰ ਨਾਲ ਲੈ ਕੇ ਵਾਰਦਾਤ ਦੌਰਾਨ ਵਰਤੇ ਮੋਟਰਸਾਈਕਲ ਦੀ ਬਰਾਮਦਗੀ ਕਰਨ ਲਈ ਗਏ ਸਨ, ਜਿੱਥੇ ਝਾੜੀਆਂ ਵਿੱਚ ਪਏ ਮੋਟਰਸਾਈਕਲ ਕੋਲ ਜਦੋਂ ਪੁਲੀਸ ਟੀਮ ਪਹੁੰਚੀ ਤਾਂ ਇਥੇ ਪਹਿਲਾਂ ਤੋਂ ਹੀ ਲੁਕਾ ਕੇ ਰੱਖੇ ਪਿਸਟਲ ਨੂੰ ਕੱਢ ਕੇ ਚਿੰਕੀ ਨੇ ਪੁਲੀਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਚਿੰਕੀ ਵੱਲੋਂ ਕੀਤੀ ਫਾਇਰਿੰਗ ਦੌਰਾਨ ਇੱਕ ਗੋਲੀ ਪੁਲੀਸ ਦੀ ਗੱਡੀ ਨੂੰ ਲੱਗੀ, ਜਦੋਂ ਕਿ ਦੂਜੀ ਗੋਲੀ ਪਿਸਤੌਲ ਦੇ ਵਿੱਚ ਹੀ ਫਸ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਜਵਾਬੀ ਫਾਇਰਿੰਗ ਦੌਰਾਨ ਚਿੰਕੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਮੌਕੇ ’ਤੋ .32 ਬੋਰ ਦਾ ਪਿਸਤੌਲ ਅਤੇ 2 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਚਿੰਕੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।