ਟੌਲ ਪਲਾਜ਼ਾ ‘ਤੇ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ
ਇੱਥੇ ਕੋਟ ਕਰੋੜ ਕਲਾਂ ਟੌਲ ਪਲਾਜ਼ਾ ‘ਤੇ ਦੋ ਕਿਸਾਨ ਜਥੇਬੰਦੀਆਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਕਿਸਾਨ ਜਥੇਬੰਦੀਆਂ ਬਜ਼ਿਦ ਹਨ ਕਿ ਜਦੋਂ ਤੱਕ ਲੋਕ ਹਿਤ ਦੀਆਂ ਬੁਨਿਆਦੀ ਸਹੂਲਤਾਂ ‘ਤੇ ਕੰਮ ਸ਼ੁਰੂ ਨਹੀਂ ਹੋ ਜਾਂਦਾ ਸੰਘਰਸ਼ ਸਮਾਪਤ ਨਹੀਂ ਹੋਵੇਗਾ।
ਓਧਰ ਕੌਮੀ ਸ਼ਾਹਰਾਹ ਅਥਾਰਿਟੀ ਦੇ ਅਧਿਕਾਰੀਆਂ ਨੇ ਅੱਜ ਧਰਨੇ ਦੀ ਸਮਾਪਤੀ ਲਈ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਤਾਂ ਕੀਤੀ, ਪਰ ਕਿਸੇ ਤਣ-ਪੱਤਣ ਲਗਾਏ ਬਗੈਰ ਹੀ ਵਾਪਸ ਚਲੇ ਗਏ।
ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਅੱਜ ਸੰਘਰਸ਼ ਨੂੰ ਕੁਝ ਤਿੱਖਾ ਕੀਤਾ। ਜਥੇਬੰਦੀ ਦੇ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਸਲ ਵਿੱਚ ਸਰਕਾਰਾਂ ਸੰਘਰਸ਼ਾਂ ਨੂੰ ਟਿੱਚ ਕਰਕੇ ਜਾਣਦੀਆਂ ਹਨ ਪਰ ਦਿੱਲੀ ਦਾ ਕਿਸਾਨ ਅੰਦੋਲਨ ਤੇ ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ਪਾਲਿਸੀ ਤੋਂ ਪਿੱਛੇ ਹਟਣਾ ਸਾਬਤ ਕਰਦਾ ਹੈ ਕਿ ਜਿੱਤ ਆਖ਼ਿਰ ਲੋਕਾਂ ਦੀ ਹੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਅਧਿਕਾਰੀ ਉਨ੍ਹਾਂ ਜ਼ੁਬਾਨੀ ਭਰੋਸੇ 'ਤੇ ਧਰਨੇ ਚੁੱਕਣ ਲਈ ਕਹਿ ਰਹੇ ਹਨ ਪਰ ਜਿਹੜੇ ਅਧਿਕਾਰੀਆਂ ਨੇ ਤਿੰਨ ਸਾਲ ਪਹਿਲਾਂ ਲਿਖਤੀ ਭਰੋਸਿਆਂ ਦੇ ਬਾਵਜੂਦ ਕੁਝ ਨਹੀਂ ਕੀਤਾ ਉਨ੍ਹਾਂ ਦੇ ਜ਼ੁਬਾਨੀ ਭਰੋਸਿਆਂ 'ਤੇ ਕਿਵੇਂ ਯਕੀਨ ਕਰ ਲਈਏ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਖੋਸਾ ਦਾ ਵੱਖਰਾ ਮੋਰਚਾ ਵੀ ਟੌਲ ਪਲਾਜ਼ਾ ‘ਤੇ ਜਾਰੀ ਹੈ।