ਆਰਥਿਕ ਮੰਦਹਾਲੀ ਨਾਲ ਜੂਝ ਰਿਹੈ ਘੁਮਿਆਰ ਭਾਈਚਾਰਾ
ਬੀ ਐੱਸ ਚਾਨਾ
ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਘਰਾਂ ਨੂੰ ਰੁਸ਼ਨਾਉਣ ਲਈ ਦੀਵੇ ਤੇ ਮਿੱਟੀ ਦਾ ਹੋਰ ਸਾਮਾਨ ਤਿਆਰ ਕਰਨ ਵਾਲਾ ਘੁਮਿਆਰ ਭਾਈਚਾਰਾ ਆਧੁਨਿਕਤਾ ਦੇ ਦੌਰ ’ਚ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਕੰਮ ਕਰਨ ਵਾਲੇ ਇਹ ਲੋਕ ਆਪਣਾ ਪੁਰਾਣਾ ਕਿੱਤੇ ਛੱਡ ਕੇ ਹੋਰ ਕਿੱਤਿਆਂ ਵੱਲ ਰੁਖ਼ ਕਰ ਰਹੇ ਹਨ। ਮਿੱਟੀ ਦੇ ਦੀਵੇ ਬਣਾਉਣ ਦਾ ਕਿੱਤਾ ਕਰਨ ਵਾਲੇ ਸੁਰਿੰਦਰਪਾਲ ਸਿੰਘ ਸ਼ਿੰਦੂ ਵਾਸੀ ਚੰਡੇਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਟਾਂ ਦੇ ਭੱਠੇ ’ਤੇ ਜਾਂ ਮੁੱਲ ਖ਼ਰੀਦ ਕੇ ਖਾਸ ਕਿਸਮ ਦੀ ਮਿੱਟੀ ਅਤੇ ਰੇਤਾ ਲਿਆ ਕੇ ਘਰਾਂ ਵਿੱਚ ਪੁਰਾਣੇ ਔਜ਼ਾਰਾਂ ਦੀ ਵਰਤੋਂ ਕਰਕੇ ਮਿੱਟੀ ਦੇ ਭਾਂਡੇ ਤਿਆਰ ਕਰਦੇ ਹਨ। ਇਨ੍ਹਾਂ ਨੂੰ ਧੁੱਪ ਵਿੱਚ ਸੁਕਾਉਣ ਤੋਂ ਬਾਅਦ ਆਵੇ ’ਚ ਪਾ ਕੇ ਪਕਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਡਾ ਕੰਮ ਇੱਕ ਸਾਲ ’ਚ ਦੋ ਕੁ ਮਹੀਨੇ ਹੀ ਹੁੰਦਾ ਹੈ ਅਤੇ ਇੱਕ ਵਿਅਕਤੀ ਸਾਰਾ ਦਿਨ ਪੂਰੇ ਪਰਿਵਾਰ ਨੂੰ ਨਾਲ ਲਾ ਕੇ ਸਿਰਫ ਆਪਣੀ ਰੋਟੀ ਦਾਲ ਦਾ ਗੁਜ਼ਾਰਾ ਚਲਾ ਸਕਦਾ ਹੈ ਤੇ ਬਾਕੀ ਦਸ ਮਹੀਨੇ ਉਨ੍ਹਾਂ ਨੂੰ ਹੋਰ ਦਿਹਾੜੀਆਂ ਕਰਨੀਆਂ ਪੈਂਦੀਆਂ ਹਨ ਅਤੇ ਸਾਮਾਨ ਬਣਾ ਕੇ ਉਹ ਖ਼ੁਦ ਬਾਜ਼ਾਰ ਵਿੱਚ ਵੇਚਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਬੇਜ਼ਮੀਨੇ ਲੋਕ ਹਨ ਅਤੇ ਇਲਾਕੇ ਅੰਦਰ ਸਿਰਫ ਪੰਦਰਾਂ ਕੁ ਵਿਅਕਤੀ ਹੀ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰ ਕਰਨ ਵਾਲੇ ਰਹਿ ਗਏ ਹਨ। ਸ਼ਿੰਦੂ ਨੇ ਕਿਹਾ ਕਿ ਜਿੱਥੇ ਗੁਜਰਾਤ ਤੇ ਰਾਜਸਥਾਨ ਤੋਂ ਆਉਣ ਵਾਲੇ ਮਿੱਟੀ ਦੇ ਸਾਮਾਨ ਨੇ ਇਸ ਰੁਜ਼ਗਾਰ ਨੂੰ ਸੱਟ ਮਾਰੀ ਹੈ, ਉੱਥੇ ਹੀ ਚੀਨ ਤੋਂ ਬਣੇ ਦੀਪਮਾਲਾ ਤੇ ਹੋਰ ਸਾਮਾਨ ਨੇ ਵੀ ਇਸ ਕੰਮ ਨੂੰ ਖਤਮ ਹੋਣ ਦੇ ਕਗਾਰ ’ਤੇ ਲਿਆ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਮਿੱਟੀ ਦੇ ਬਰਤਨ ਬਣਾਉਣ ਵਾਲਿਆਂ ਨੂੰ ਮਸ਼ੀਨਾਂ ਤੇ ਹੋਰ ਸਾਮਾਨ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾਂਦਾ ਹੈ, ਉਸ ਤਰਜ਼ ’ਤੇ ਪੰਜਾਬ ’ਚ ਵੀ ਮਿੱਟੀ ਦੇ ਬਰਤਨ ਬਣਾਉਣ ਵਾਲੇ ਘੁਮਿਆਰ ਭਾਈਚਾਰੇ ਦੀ ਬਾਂਹ ਫੜੀ ਜਾਵੇ ਅਤੇ ਖਾਸ ਰਿਆਇਤ ਦਿੱਤੀ ਜਾਵੇ ਤਾਂ ਜੋ ਪੁਰਾਤਨ ਕਿੱਤਾ ਪ੍ਰਫੁੱਲਿਤ ਹੋ ਸਕੇ।