ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Punjab News ਪੁਲੀਸ ਨੇ ਲੇਲੇਵਾਲਾ ਗੈਸ ਪਾਈਪਲਾਈਨ ਮੋਰਚਾ ਖਦੇੜਿਆ

ਕਿਸਾਨਾਂ ਨੂੰ ਹਿਰਾਸਤ ’ਚ ਲੈਣ ਮਗਰੋਂ ਕੀਤਾ ਰਿਹਾਅ; ਪਾਈਪਲਾਈਨ ਦਾ ਕੰਮ ਸ਼ੁਰੂ ਕਰਵਾਇਆ
ਲੇਲੇਵਾਲਾ ਲਈ ਰਵਾਨਾ ਹੋਣ ਤੋਂ ਪਹਿਲਾਂ ਮਾਈਸਰਖਾਨਾ ’ਚ ਇਕੱਠ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ। -ਫੋਟੋ: ਸ਼ਗਨ ਕਟਾਰੀਆ
Advertisement

ਜਗਜੀਤ ਸਿੰਘ ਸਿੱਧੂ

ਤਲਵੰਡੀ ਸਾਬੋ, 4 ਦਸੰਬਰ

Advertisement

ਪਿਛਲੇ ਸਮੇਂ ਤੋਂ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਦੀ ਗੈਸ ਪਾਈਪਲਾਈਨ ਪਾਉਣ ਬਦਲੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਦਿਵਾਉਣ ਵਾਸਤੇ ਬੀਕੇਯੂ (ਉਗਰਾਹਾਂ) ਦੀ ਅਗਵਾਈ ’ਚ ਪਿੰਡ ਦੇ ਤਲਵੰਡੀ ਸਾਬੋ ਰਜਬਾਹੇ ’ਤੇ ਲੱਗਿਆ ਪੱਕਾ ਮੋਰਚਾ ਲੰਘੀ ਅੱਧੀ ਰਾਤ ਤੋਂ ਬਾਅਦ ਪੁਲੀਸ ਨੇ ਖਦੇੜ ਦਿੱਤਾ। ਪੁਲੀਸ ਨੇ ਮੋਰਚੇ ’ਚ ਮੌਜੂਦ ਲਗਪਗ 20 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਮੋਰਚੇ ਦਾ ਟੈਂਟ ਪੁੱਟ ਦਿੱਤਾ ਤੇ ਕਿਸਾਨਾਂ ਦੀਆਂ ਤਿੰਨ ਗੱਡੀਆਂ, ਦੋ ਟਰਾਲੀਆਂ, ਇੱਕ ਦਰਜਨ ਦੇ ਕਰੀਬ ਮੋਟਰਸਾਈਕਲ ਅਤੇ ਹੋਰ ਸਾਰਾ ਸਾਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ। ਹਿਰਾਸਤ ’ਚ ਲਏ ਕਿਸਾਨਾਂ ਨੂੰ ਪੁਲੀਸ ਕਿਸੇ ਅਣਦੱਸੀ ਥਾਂ ’ਤੇ ਲੈ ਗਈ। ­

ਪਿੰਡ ਲੇਲੇਵਾਲਾ ਪੁਲੀਸ ਛਾਉਣੀ ’ਚ ਤਬਦੀਲ ਕੀਤਾ ਹੋਇਆ ਹੈ। ਪਾਈਪਲਾਈਨ ਵਿਛਾਉਣ ਵਾਲੀ ਜਗ੍ਹਾ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਸਖ਼ਤ ਨਾਕਾਬੰਦੀ ਕਰਕੇ ਰਸਤਿਆਂ ਤੇ ਖੇਤਾਂ ਵਿੱਚ ਭਾਰੀ ਪੁਲੀਸ ਫੋਰਸ ਅਤੇ ਦੰਗਾ ਰੋਕੂ ਵਾਹਨ ਤਾਇਨਾਤ ਕੀਤੇ ਗਏ। ਕੰਪਨੀ ਨੇ ਵੱਡੀਆਂ ਮਸ਼ੀਨਾਂ ਲਿਆ ਕੇ ਭਾਗੀਵਾਂਦਰ ਨੂੰ ਜਾਂਦੀ ਸੜਕ ਵਾਲੇ ਪਾਸਿਓਂ ਕਿਸਾਨ ਗੁਰਨੈਬ ਸਿੰਘ ਦੇ ਖੇਤ ਵਿੱਚੋਂ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕਿਸਾਨਾਂ ਨੂੰ ਉਕਤ ਜਗ੍ਹਾ ਤੱਕ ਜਾਣ ਤੋਂ ਰੋਕਣ ਲਈ ਇਲਾਕੇ ਭਰ ’ਚ ਵੀ ਫੋਰਸ ਲਾਈ ਗਈ ਹੈ।

ਦੂਜੇ ਪਾਸੇ ਉਕਤ ਮਾਮਲੇ ਦਾ ਪਤਾ ਲੱਗਦਿਆਂ ਹੀ ਅੱਜ ਬੀਕੇਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਪਿੰਡ ਮਾਈਸਰਖਾਨਾ ’ਚ ਇਕੱਠੇ ਹੋਣ ਮਗਰੋਂ ਪਿੰਡ ਲੇਲੇਵਾਲਾ ਵੱਲ ਰਵਾਨਾ ਹੋਏ ਜਿਸ ਦੀ ਭਿਣਕ ਲੱਗਦਿਆਂ ਪੁਲੀਸ ਅਤੇ ਸਿਵਲ ਪ੍ਰਸ਼ਾਸ਼ਨ ਕਿਸਾਨਾਂ ਨੂੰ ਜੋਧਪੁਰ ਪਾਖਰ ਹੈੱਡ ਕੋਟਲਾ ਬਰਾਂਚ ਨਹਿਰ ਦੇ ਪੁਲ ’ਤੇ ਰੋਕ ਲਿਆ। ਮੌਕੇ ’ਤੇ ਮੌਜੂਦ ਏਡੀਸੀ (ਡੀ) ਆਰਪੀ ਸਿੰਘ, ਐੱਸਪੀ ਨਰਿੰਦਰ ਸਿੰਘ ਅਤੇ ਹੋਰ ਪੁਲੀਸ ਤੇ ਸਿਵਲ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਮਸਲੇ ਦੇ ਹੱਲ ਲਈ ਗੱਲਬਾਤ ਕਰਨ ਵਾਸਤੇ ਕਿਹਾ।

ਜਦਕਿ ਕਿਸਾਨ ਆਗੂਆਂ ਸ਼ਿੰਗਾਰਾ ਸਿੰਘ ਮਾਨ, ਜਗਦੇਵ ਸਿੰਘ ਜੋਗੇਵਾਲਾ, ਹਰਜਿੰਦਰ ਸਿੰਘ ਬੱਗੀ ਅਤੇ ਜਸਵੀਰ ਸਿੰਘ ਬੁਰਜਸੇਮਾ ਨੇ ਕਿਹਾ ਕਿ ਪਹਿਲਾਂ ਅੱਜ ਮੋਰਚੇ ਤੋਂ ਫੜ੍ਹੇ ਗਏ ਕਿਸਾਨਾਂ ਨੂੰ ਰਿਹਾਅ ਕਰਕੇ ਪੁਲੀਸ ਵੱਲੋਂ ਜ਼ਬਤ ਸਾਮਾਨ ਵਾਪਸ ਕਰਵਾਇਆ ਜਾਵੇ, ਜਿਸ ਮਗਰੋਂ ਗੱਲਬਾਤ ਹੋਵੇਗੀ। ਇਸ ਬਾਅਦ ਪ੍ਰਸ਼ਾਸਨ ਵੱਲੋਂ ਗ੍ਰਿਫ਼ਤਾਰ ਕੀਤੇ ਕਿਸਾਨ ਰਿਹਾਅ ਕਰ ਦਿੱਤੇ ਗਏ ਤੇ ਏਡੀਸੀ ਬਠਿੰਡਾ ਤੇ ਗੈਸ ਪਾਈਪਲਾਈਨ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ, ਜੋ ਕਿ ਬੇਸਿੱਟਾ ਰਹੀ। ਦੂਜੇ ਪਾਸੇ ਖ਼ਬਰ ਲਿਖੇ ਜਾਣ ਤੱਕ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ ਸੀ।

ਪੂਰਾ ਮੁਆਵਜ਼ਾ ਲੈਣ ਲਈ ਚੱਲ ਰਿਹਾ ਸੀ ਮੋਰਚਾ

ਕਿਸਾਨ ਆਗੂਆਂ ਨੇ ਦੱਸਿਆ ਕਿ ਡੀਸੀ ਦੀ ਪ੍ਰਧਾਨਗੀ ਹੇਠ 15 ਮਈ 2023 ਨੂੰ ਜਥੇਬੰਦੀ ਨਾਲ ਹੋਈ ਮੀਟਿੰਗ ਵਿੱਚ ਲਿਖਤੀ ਫੈਸਲਾ ਹੋਇਆ ਸੀ ਕਿ ਜਿੰਨਾ ਚਿਰ ਕਿਸਾਨਾਂ (ਜਿਨ੍ਹਾਂ ਦੇ ਖੇਤਾਂ ਵਿੱਚ ਦੀ ਪਾਈਪਲਾਈਨ ਪੈਣੀ ਸੀ) ਨੂੰ 24 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈਪਲਾਈਨ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਓਨਾ ਚਿਰ ਕੰਮ ਸ਼ੁਰੂ ਨਹੀਂ ਕੀਤਾ ਜਾਵੇਗਾ। ਪੂਰਾ ਮੁਆਵਜ਼ਾ ਲੈਣ ਲਈ ਕਿਸਾਨ ਡੇਢ ਸਾਲ ਤੋਂ ਲੇਲੇਵਾਲਾ ਮੋਰਚਾ ’ਤੇ ਬੈਠੇ ਸਨ ਤੇ ਪਿੰਡ ਦੇ ਖੇਤਾਂ ਵਿੱਚ ਗੈਸ ਪਾਈਪਲਾਈਨ ਦਾ ਕੰਮ ਰੋਕਿਆ ਸੀ। ਪਰ ਰਾਤ ਨੂੰ ਪ੍ਰਸ਼ਾਸ਼ਨ ਨੇ ਧੱਕੇ ਨਾਲ ਗੈਸ ਪਾਈਪਲਾਈਨ ਦਾ ਕੰਮ ਸ਼ੁਰੂ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅਗਲੀ ਲੜਾਈ ਆਰ ਪਾਰ ਦੀ ਹੋਵੇਗੀ।

Advertisement
Show comments