ਕੱਪੜਾ ਵਪਾਰੀ ਦੀ ਹੱਤਿਆ ਦੀ ਪੰਜਾਬ ’ਚ ਗੂੰਜ
ਚਰਨਜੀਤ ਭੁੱਲਰ
ਚੰਡੀਗੜ੍ਹ, 7 ਜੁਲਾਈ
ਅਬੋਹਰ ਵਿੱਚ ਮਸ਼ਹੂਰ ਕੱਪੜਾ ਵਪਾਰੀ ਸੰਜੈ ਵਰਮਾ ਦੀ ਦਿਨ-ਦਿਹਾੜੇ ਹੋਈ ਹੱਤਿਆ ਦੀ ਗੂੰਜ ਸਮੁੱਚੇ ਪੰਜਾਬ ’ਚ ਪਈ ਹੈ। ਅਬੋਹਰ ਦੇ ‘ਨਿਊ ਵੀਅਰ ਵੈੱਲ’ ਨਾਮ ਦੇ ਸ਼ੋਅਰੂਮ ਦੇ ਮਾਲਕ ਸੰਜੈ ਵਰਮਾ ਦੇ ਕਤਲ ਮਗਰੋਂ ਪੰਜਾਬ ’ਚ ਸਿਆਸਤ ਭਖ ਗਈ ਹੈ। ਵਿਰੋਧੀ ਧਿਰਾਂ ਨੇ ਇਸ ਹੱਤਿਆ ਦੇ ਮਾਮਲੇ ’ਤੇ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫ਼ਿਕਰ ਜ਼ਾਹਿਰ ਕੀਤੇ ਹਨ। ਇਨ੍ਹਾਂ ਧਿਰਾਂ ਨੇ ਜ਼ਿਲ੍ਹਾ ਮੋਗਾ ਦੇ ਡਾ. ਅਨਿਲਜੀਤ ਕੰਬੋਜ ’ਤੇ ਹੋਏ ਹਮਲੇ ਨੂੰ ਵੀ ਚੇਤੇ ਕਰਵਾਇਆ ਹੈ।
ਤਾਜ਼ਾ ਘਟਨਾ ਮਗਰੋਂ ਇਹ ਸੰਭਾਵਨਾ ਬਣ ਗਈ ਹੈ ਕਿ ਪੰਜਾਬ ਵਿਧਾਨ ਸਭਾ ਦੇ 10-11 ਜੁਲਾਈ ਨੂੰ ਹੋਣ ਵਾਲੇ ਵਿਸ਼ੇਸ਼ ਇਜਲਾਸ ਵਿੱਚ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਬਹਿਸ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਇਕਜੁੱਟ ਹੋ ਸਕਦੀਆਂ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ ਤਾਂ ਜੋ ਵਿਰੋਧੀਆਂ ਨੂੰ ਇਸ ਮਾਮਲੇ ’ਤੇ ਬੇਪਰਦ ਕੀਤਾ ਜਾ ਸਕੇ। ਉੱਧਰ, ਅਬੋਹਰ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਵਿਸ਼ੇਸ਼ ਇਜਲਾਸ ਦੀ ਬਹਿਸ ਨੂੰ ਹੁਣ ਮੋੜਾ ਦੇਣ ਲਈ ਟਿੱਲ ਲਾਏਗੀ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਜੈ ਵਰਮਾ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਮੋਗਾ ਦੇ ਨਾਮੀ ਡਾਕਟਰ ’ਤੇ ਗੋਲੀਆਂ ਚਲਾਈਆਂ ਗਈਆਂ ਅਤੇ ਹੁਣ ਅਬੋਹਰ ਦੇ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਮਾੜਾ ਹਾਲ ਹੈ ਅਤੇ ਇਹ ਸੂਬੇ ਦਾ ਭਖਦਾ ਮੁੱਦਾ ਹੈ, ਜਿਸ ’ਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਚਰਚਾ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਵਪਾਰੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਗੜੀ ਹੋਈ ਵਿਵਸਥਾ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਬੋਹਰ ਦੇ ਕਾਰੋਬਾਰੀ ਸੰਜੈ ਵਰਮਾ ਦੇ ਕਤਲ ਦੀ ਨਿੰਦਾ ਕਰਦਿਆਂ ਪੰਜਾਬ ਦੀ ‘ਆਪ’ ਸਰਕਾਰ ਨੂੰ ਸਮੁੱਚੀ ਅਸਫ਼ਲਤਾ ਲਈ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੌਰਾਨ ਗੈਂਗਸਟਰਾਂ ਦੇ ਹੌਸਲੇ ਵਧੇ ਹਨ। ਉਨ੍ਹਾਂ ਕਿਹਾ ਕਿ ਵਪਾਰੀ ਭਾਈਚਾਰੇ ਨੂੰ ਇਸ ਘਟਨਾ ਨੇ ਹਿਲਾ ਕੇ ਰੱਖ ਦਿੱਤਾ ਹੈ। ਵੜਿੰਗ ਨੇ ਮੁੱਖ ਮੰਤਰੀ ਅਤੇ ਡੀਜੀਪੀ ’ਤੇ ਵਰ੍ਹਦਿਆਂ ਕਿਹਾ ਕਿ ਉਹ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਿੱਚ ਅਸਫਲ ਰਹੇ ਹਨ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪਹਿਲਾਂ ਮੋਗਾ ਦੇ ਇੱਕ ਡਾਕਟਰ ’ਤੇ ਹਮਲਾ ਅਤੇ ਹੁਣ ਅਬੋਹਰ ਵਿੱਚ ਕੱਪੜਾ ਵਪਾਰੀ ਦਾ ਕਤਲ, ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪੰਜਾਬ ’ਚ ਗੈਂਗਸਟਰ ਰਾਜ ਚੱਲ ਰਿਹਾ ਹੈ ਜਿਸ ’ਚ ਆਮ ਆਦਮੀ ਸੁਰੱਖਿਅਤ ਨਹੀਂ ਹੈ।
ਮੁੱਖ ਮੰਤਰੀ ਹੁਣ ਜਵਾਬ ਦੇਣ: ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਬੋਹਰ ਦੇ ਕੱਪੜਾ ਵਪਾਰੀ ਦੀ ਹੱਤਿਆ ਦੀ ਨਿੰਦਾ ਕੀਤੀ ਹੈ ਅਤੇ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਮੰਗਿਆ ਹੈ ਕਿ ਸ਼ਰੇਆਮ ਲੋਕਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ ਪ੍ਰੰਤੂ ਸਰਕਾਰ ਗ਼ਾਇਬ ਹੈ।
ਉਨ੍ਹਾਂ ਕਿਹਾ ਕਿ ਇਹ ਘਟਨਾ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਿਆਨ ਕਰ ਰਹੀ ਹੈ। ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੁਣ ਕੋਈ ਸੁਰੱਖਿਅਤ ਨਹੀਂ ਹੈ।
ਸਰਕਾਰ ਜਸ਼ਨ ਮਨਾ ਰਹੀ ਹੈ: ਬਿੱਟੂ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਇਸ ਤਰ੍ਹਾਂ ਕੰਮ ਕਰ ਰਹੇ ਹਨ ਜਿਵੇਂ ਕਿ ਉਹ ਆਪਣੀ ਕੋਈ ਵੱਖਰੀ ਸਰਕਾਰ ਚਲਾ ਰਹੇ ਹੋਣ।
ਉਨ੍ਹਾਂ ਅਬੋਹਰ ਘਟਨਾ ਦੀ ਨਿੰਦਾ ਕਰਦਿਆਂ ਕਿਹਾ, ‘ਜਦੋਂ ਪੰਜਾਬ ਦੀਆਂ ਗਲੀਆਂ ਵਿੱਚ ਖ਼ੂਨ ਵਹਿ ਰਿਹਾ ਹੈ, ਉਦੋਂ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਵਿੱਚ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਜਸ਼ਨ ਮਨਾਉਣ ਵਿੱਚ ਰੁੱਝੇ ਹੋਏ ਹਨ।’’ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਥਿਤੀ ਵੱਸ ਤੋਂ ਬਾਹਰ ਹੋ ਰਹੀ ਹੈ।
ਪੰਜਾਬ ’ਚ ਹੁਣ ਜੰਗਲ ਰਾਜ : ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਬੋਹਰ ਦੇ ਵਪਾਰੀ ਦੀ ਹੱਤਿਆ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਨਿੱਤ ਦੀਆਂ ਘਟਨਾਵਾਂ ਤੋਂ ਸਾਫ਼ ਹੈ ਕਿ ਪੰਜਾਬ ਜੰਗਲ ਰਾਜ ’ਚ ਤਬਦੀਲ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਪਾਰੀ ਤਬਕੇ ਤੋਂ ਇਲਾਵਾ ਡਾਕਟਰ, ਕਲਾਕਾਰ ਅਤੇ ਅਥਲੀਟਾਂ ਨੂੰ ਫਿਰੌਤੀਆਂ ਮੰਗਣ ਵਾਲਿਆਂ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਅਬੋਹਰ ਦੇ ਵਪਾਰੀ ਦੇ ਕਾਤਲਾਂ ਨੂੰ ਸਰਕਾਰ ਫ਼ੌਰੀ ਗ੍ਰਿਫ਼ਤਾਰ ਕਰੇ।