ਚੰਡੀਗੜ੍ਹ ਨੂੰ ਯੂ ਟੀ ਬਣਾਉਣ ਦੀ ਕਵਾਇਦ ਸਪੱਸ਼ਟ ਵਿਤਕਰਾ: ਧਾਮੀ
ਬੀ ਐੱਸ ਚਾਨਾ
ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੰਡੀਗੜ੍ਹ ਨੂੰ ਪੂਰਨ ਤੌਰ ’ਤੇ ਯੂ ਟੀ ਦਾ ਦਰਜਾ ਦੇਣ ਸਬੰਧੀ ਕੇਂਦਰ ਦੇ ਇਰਾਦਿਆਂ ’ਤੇ ਚਿੰਤਾ ਜਤਾਈ ਤੇ ਕਿਹਾ ਕਿ ਅੱਜ ਪੰਜਾਬ ਦੇ ਹੱਕਾਂ ’ਤੇ ਚੁਫੇਰਿਉਂ ਡਾਕਾ ਮਾਰਿਆ ਜਾ ਰਿਹਾ ਹੈ। ਪਹਿਲਾਂ ਕਿਸਾਨੀ ਦੇ ਮੁੱਦੇ ’ਤੇ ਫਿਰ ਬੀ ਬੀ ਐੱਮ ਬੀ ਤੇ ਉਸ ਮਗਰੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਮੁੱਦੇ ’ਤੇ ਪੰਜਾਬ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਹੋਈ ਅਤੇ ਹੁਣ ਚੰਡੀਗੜ੍ਹ ਨੂੰ ਪੂਰਨ ਯੂ ਟੀ ਬਣਾਉਣ ਦੇ ਕਦਮਾਂ ਤੋਂ ਸਪੱਸ਼ਟ ਹੈ ਕਿ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਧਾਮੀ ਨੇ ਕਿਹਾ ਕਿ ਸਰਕਾਰਾਂ ਹਮੇਸ਼ਾ ਪੰਜਾਬ ਦੀ ਨਬਜ਼ ਟੋਹੰਦੀਆਂ ਹਨ ਪਰ ਜਦੋਂ ਪੰਜਾਬੀ ਡੱਟ ਕੇ ਵਿਰੋਧ ਕਰਦੇ ਹਨ ਤਾਂ ਸਰਕਾਰਾਂ ਨੂੰ ਆਪਣੇ ਫ਼ੈਸਲੇ ਵਾਪਸ ਵੀ ਲੈਣੇ ਪੈਂਦੇ ਹਨ।
ਬੰਦੀ ਸਿੰਘਾਂ ਦੀ ਰਿਹਾਈ ਬਾਰੇ ਐਡਵੋਕੇਟ ਧਾਮੀ ਨੇ ਕਿਹਾ ਕਿ ਜਦ ਤੱਕ ਸਰਕਾਰ ਇਸ ਮੁੱਦੇ ’ਤੇ ਕੁਝ ਨਹੀਂ ਕਰਦੀ, ਉਦੋਂ ਤੱਕ ਅਸੈਂਬਲੀ ਸੈਸ਼ਨ ਬੁਲਾਉਣ ਜਾਂ ਵੱਡੇ ਸਮਾਗਮ ਕਰਨ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਭਲਕੇ ਵਿਧਾਨ ਸਭਾ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾਸ ਕੀਤਾ ਜਾਵੇ, ਤਾਂ ਜੋ ਸਾਲਾਂ ਤੋਂ ਲਟਕਦਾ ਮੁੱਦਾ ਅੱਗੇ ਵਧੇ।
‘‘ਸਿਆਸੀ ਫਾਇਦੇ ਲਈ ਸ਼ਤਾਬਦੀਆਂ ਮਨਾ ਰਹੀ ਹੈ ਸਰਕਾਰ’’
ਪ੍ਰਧਾਨ ਧਾਮੀ ਨੇ ਕਿਹਾ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਕਰਵਾਏ ਗਏ ਸਨ, ਉਦੋਂ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਸੀ। ਪਰ ਹੁਣ ਸ੍ਰੀ ਆਨੰਦਪੁਰ ਸਾਹਿਬ ’ਚ ਪੁਲੀਸ ਦੀ ਵੱਡੀ ਤਾਇਨਾਤੀ ਤੋਂ ਸਪੱਸ਼ਟ ਹੈ ਕਿ ਸਰਕਾਰ ਇਨ੍ਹਾਂ ਸਮਾਗਮਾਂ ਰਾਹੀਂ ਸਿਆਸੀ ਫਾਇਦਾ ਲੈਣਾ ਚਾਹੁੰਦੀ ਹੈ।
