ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿੱਤ ਵਿਭਾਗ ’ਚ ਜੂਨੀਅਰ ਸਹਾਇਕਾਂ ਦੀ ਤਰੱਕੀ ਦਾ ਮਸਲਾ ਉਲਝਿਆ

ਮੁਲਾਜ਼ਮਾਂ ਨੇ ਸੂਬੇ ਭਰ ’ਚ ਤਰੱਕੀ ਦੇ ਹੁਕਮਾਂ ਦੀਆਂ ਕਾਪੀਆਂ ਸਾੜੀਆਂ
ਫਿਰੋਜ਼ਪੁਰ ’ਚ ਪਦਉੱਨਤੀ ਹੁਕਮਾਂ ਦੀਆਂ ਕਾਪੀਆਂ ਸਾੜਦੇ ਹੋਏ ਕਰਮਚਾਰੀ।
Advertisement

ਕੁਲਦੀਪ ਸਿੰਘ

ਵਿੱਤ ਵਿਭਾਗ ਪੰਜਾਬ (ਖਜ਼ਾਨਾ ਤੇ ਲੇਖਾ ਸ਼ਾਖਾ) ਵੱਲੋਂ ਜੂਨੀਅਰ ਸਹਾਇਕਾਂ ਦੀਆਂ ਤਰੱਕੀਆਂ ਦਾ ਮਸਲਾ ਕਾਫ਼ੀ ਉਲਝ ਗਿਆ ਹੈ। ਵਿਭਾਗ ਦੇ ਸਮੁੱਚੇ ਮੁਲਾਜ਼ਮਾਂ ਨੇ ਇਨ੍ਹਾਂ ਹੁਕਮਾਂ ਨੂੰ ਪ੍ਰਮੋਸ਼ਨ ਦੇ ਹੁਕਮ ਨਾ ਮੰਨ ਕੇ ਡਿਮੋਸ਼ਨ ਮੰਨਿਆ ਹੈ। ਅੱਜ ਸੂਬੇ ਭਰ ਵਿੱਚ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਨੇ 4 ਅਗਸਤ 2025 ਨੂੰ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਰੋਸ ਦਾ ਪ੍ਰਗਟਾਵਾ ਕੀਤਾ।

Advertisement

ਯੂਨੀਅਨ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਸੁਖਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਅਧਿਕਾਰੀਆਂ ਵੱਲੋਂ ਵਿੱਤ ਵਿਭਾਗ ਦੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਰੋਸ ਵਜੋਂ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 4 ਅਗਸਤ ਦੇ ਹੁਕਮਾਂ ਵਿੱਚ ਇਹ ਤਰੱਕੀਆਂ ਦੇ ਨਾਂ ਉੱਤੇ ਜੂਨੀਅਰ ਸਹਾਇਕਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਲੈਵਲ ਸੱਤ ਤੋਂ ਲੈਵਲ ਛੇ ’ਤੇ ਲਿਆਉਣ ਦੇ ਹੁਕਮ ਜਾਰੀ ਕਰਕੇ 17 ਜੂਨੀਅਰ ਸਹਾਇਕਾਂ ਦੀ ਤਰੱਕੀ ਦੀ ਬਲੀ ਦੇ ਦਿੱਤੀ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਵਿੱਤ ਵਿਭਾਗ ਦੀ ਸੇਵਾ ਨਿਭਾਉਂਦੇ ਆ ਰਹੇ ਇਨ੍ਹਾਂ ਜੂਨੀਅਰ ਸਹਾਇਕਾਂ ਦੀ ਤਰੱਕੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੂਨੀਅਰ ਸਹਾਇਕਾਂ ਦੀ ਮੰਗ ਹੈ ਕਿ 4 ਅਗਸਤ ਨੂੰ ਜਾਰੀ ਹੋਏ ਪਦਉੱਨਤੀ ਦੇ ਹੁਕਮਾਂ ਤੋਂ ਉਨ੍ਹਾਂ ਨੂੰ ਵੱਖ ਕਰਦੇ ਹੋਏ ਸੀਨੀਆਰਤਾ ਮੁਤਾਬਕ ਸੀਨੀਅਰ ਸਹਾਇਕ ਦੇ ਅਹੁਦੇ ਲਈ ਹੀ ਵਿਚਾਰਿਆ ਜਾਵੇ।

‘ਮੁਲਾਜ਼ਮ ਸੰਘਰਸ਼ ਤੋਂ ਹਿੱਲਿਆ ਵਿੱਤ ਵਿਭਾਗ’

ਕਰਮਚਾਰੀ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਅੱਜ ਸਾਰੇ ਖਜ਼ਾਨਿਆਂ ਵਿੱਚ ਪਦਉੱਨਤੀ ਹੁਕਮਾਂ ਦੀਆਂ ਕਾਪੀਆਂ ਸਾੜਨ ਦੌਰਾਨ ਚੰਡੀਗੜ੍ਹ ਸਥਿਤ ਵਿੱਤ ਵਿਭਾਗ ਦੇ ਮੁੱਖ ਦਫ਼ਤਰ ਤੋਂ ਮੀਟਿੰਗ ਸੱਦਾ ਮਿਲਿਆ ਹੈ। ਭਲਕੇ 7 ਅਗਸਤ ਨੂੰ ਸਵੇਰੇ 10 ਵਜੇ ਡਾਇਰੈਕਰ ਦਫ਼ਤਰ ਵਿਖੇ ਮੀਟਿੰਗ ਵਿੱਚ ਮੁਲਾਜ਼ਮ ਆਪਣੀਆਂ ਮੰਗਾਂ ਰੱਖਣਗੇ। ਜੇ ਮੰਗਾਂ ਦਾ ਸਹੀ ਨਿਪਟਾਰਾ ਨਾ ਹੋਇਆ ਤਾਂ ਅਗਲਾ ਸੰਘਰਸ਼ ਉਲੀਕਿਆ ਜਾਵੇਗਾ।

Advertisement