ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ
ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਅੱਜ ਸਮਾਪਤੀ ਮੌਕੇ ਦੁਪਿਹਰ ਵੇਲੇ ਗੁਰਦੁਆਰੇ ਦੇ ਕਿਵਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਗਏ ਹਨ। ਇਸ ਦੌਰਾਨ ਸੀਤ ਕਾਲ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਸੁਖ ਅਸਥਾਨ ’ਤੇ ਸੁਸ਼ੋਭਤ ਕੀਤਾ ਗਿਆ ਹੈ। ਅੱਜ ਯਾਤਰਾ ਸਮਾਪਤੀ ਸਮਾਗਮ ਵੇਲੇ ਗੁਰਦੁਆਰੇ ਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਪਈ ਬਰਫ ਦੇ ਬਾਵਜੂਦ ਸੰਗਤ ਵਿੱਚ ਭਾਰੀ ਉਤਸ਼ਾਹ ਸੀ। ਅੱਜ ਕਰੀਬ 2000 ਤੋਂ ਵੱਧ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪੁੱਜੇ ਸਨ। ਇਸ ਸਬੰਧ ਵਿੱਚ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਤੇ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਦੇ ਜਥੇ ਨੇ ਕੀਰਤਨ ਕੀਤਾ। ਗੁਰਦੁਆਰੇ ਦੇ ਗ੍ਰੰਥੀ ਸਿੰਘਾਂ ਨੇ ਅਰਦਾਸ ਕੀਤੀ।
ਇਸ ਮੌਕੇ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਯਾਤਰਾ ਦੀ ਸਫ਼ਲਤਾ ਵਾਸਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਖ਼ਾਸ ਤੌਰ ’ਤੇ ਭਾਰਤੀ ਫ਼ੌਜ ਦੀ 9 ਬ੍ਰਿਗੇਡ ਦੇ ਬ੍ਰਿਗੇਡੀਅਰ ਐੱਮ ਐੱਸ ਢਿੱਲੋਂ, 418 ਇੰਡੀਪੈਂਡੈਂਟ ਕੋਰ ਦੇ ਕਰਨਲ ਵਰਿੰਦਰ ਔਲਾ, ਪੁਲੀਸ ਅਧਿਕਾਰੀ ਵਿਨੋਦ ਰਾਵਤ, ਅਮਨਦੀਪ ਸਿੰਘ, ਐੱਸ ਡੀ ਆਰ ਐੱਫ ਦੇ ਰਵਿੰਦਰ ਪਟਵਾਲ ਤੇ ਹੋਰਨਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਪ੍ਰਬੰਧਾਂ ’ਚ ਸਹਿਯੋਗ ਲਈ ਧੰਨਵਾਦ ਕਰਦਿਆਂ ਸੰਗਤ ਨੂੰ ਅਗਲੇ ਵੀ ਪੁੱਜਣ ਦੀ ਅਪੀਲ ਕੀਤੀ।
ਇਸ ਮੌਕੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਇਸ ਸਾਲ ਕਰੀਬ 2.76 ਲੱਖ ਤੋਂ ਵਧੇਰੇ ਸੰਗਤ ਗੁਰੂ ਘਰ ਵਿੱਚ ਨਤਮਸਤਕ ਹੋਣ ਪੁੱਜੀ ਹੈ। ਸਮਾਗਮ ਦੀ ਸਮਾਪਤੀ ਉਪਰੰਤ ਕਰੀਬ ਡੇਢ ਵਜੇ ਗੁਰਦੁਆਰੇ ਦੇ ਕਿਵਾੜ ਸੀਤ ਕਾਲ ਵਾਸਤੇ ਸੰਗਤ ਲਈ ਬੰਦ ਕਰ ਦਿੱਤੇ ਗਏ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰੇ ਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਬਰਫ ਪਈ ਹੈ। ਇਸ ਕਾਰਨ ਸਮੁੱਚਾ ਪਹਾੜੀ ਖੇਤਰ ਚਿੱਟੀ ਚਾਦਰ ਨਾਲ ਢਕਿਆ ਹੋਇਆ ਜਾਪਦਾ ਹੈ।