ਸਿੱਖ ਰਾਜ ਦੀ ਆਖ਼ਰੀ ਨਿਸ਼ਾਨੀ ਸੰਭਾਲਣ ਦਾ ਫ਼ੈਸਲਾ
ਇਥੇ ਸਥਿਤ ਸਿੱਖ ਰਾਜ ਦੀ ਆਖ਼ਰੀ ਨਿਸ਼ਾਨੀ ਦੀ ਸੇਵਾ ਸੰਭਾਲ ਲਈ 13 ਮੈਂਬਰੀ ਕਮੇਟੀ ਚੌਕੀ ਸਰਕਾਰ-ਏ-ਖ਼ਾਲਸਾ ਵੈਲਫੇਅਰ ਸੁਸਾਇਟੀ ਬਣਾਈ ਗਈ ਹੈ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦੇ ਕੰਢੇ ਪਹਾੜੀ ਉੱਤੇ ਸਿੱਖ ਰਾਜ ਦਾ ਬਾਰਡਰ ਹੋਣ ਕਰ ਕੇ ਇੱਥੇ ਫੌਜੀ ਕੈਂਪ ਹੁੰਦਾ ਸੀ ਤੇ ਖ਼ਾਲਸਾ ਰਾਜ ਦੀ ਸਰਹੱਦ ’ਤੇ ਲੱਗਿਆ ਨਿਸ਼ਾਨ ਸਾਹਿਬ (ਝੰਡਾ) ਅੱਜ ਵੀ ਮੌਜੂਦ ਹੈ ਜਿਸ ’ਤੇ ਸਰਕਾਰ-ਏ-ਖ਼ਾਲਸਾ ਪੰਜਾਬੀ ਅਤੇ ਉਰਦੂ ਭਾਸ਼ਾ ਵਿੱਚ ਲਿਖਿਆ ਹੋਇਆ ਹੈ। ਇਸ ਸਬੰਧੀ ਰਣਜੀਤ ਸਿੰਘ ਪਤਿਆਲਾਂ ਨੇ ਦੱਸਿਆ ਕਿ ਇਸ ਕਮੇਟੀ ’ਚ ਕੁਲਦੀਪ ਸਿੰਘ ਪਟਿਆਲਾ ਨੂੰ ਸਰਪ੍ਰਰਸਤ, ਰਣਜੀਤ ਸਿੰਘ ਪਤਿਆਲਾਂ ਨੂੂੰ ਮੁੱਖ ਸੇਵਾਦਾਰ, ਜਸਵਿੰਦਰ ਕੌਰ ਨੂੰ ਮੀਤ ਪ੍ਰਧਾਨ, ਕੁਲਵੰਤ ਸਿੰਘ ਸਰਾੜੀ ਨੂੰ ਸਕੱਤਰ, ਜਰਨੈਲ ਸਿੰਘ ਮਗਰੋੜ ਨੂੰ ਜੁਆਇੰਟ ਸਕੱਤਰ, ਅਜਮੇਰ ਸਿੰਘ ਨੂੰ ਖਜ਼ਾਨਚੀ ਅਤੇ ਅਤਿੰਦਰਪਾਲ ਸਿੰਘ ਨੂੰ ਜੁਆਇੰਟ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 1801 ਤੋਂ ਲੈ ਕੇ 1849 ਤੱਕ ਪੰਜਾਬ ਇੱਕ ਮੁਕੰਮਲ ਦੇਸ਼ ਸੀ ਜਿਸ ਦੇ ਮੁਖੀ ਮਹਾਰਾਜਾ ਰਣਜੀਤ ਸਿੰਘ ਸਨ ਤੇ ਇਸ 48 ਸਾਲਾਂ ਦੇ ਕਾਲ ਨੂੰ ਇਤਿਹਾਸ ਵਿੱਚ ਸਿੱਖ ਰਾਜ (ਖਾਲਸਾ ਰਾਜ) ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸੰਭਾਲ ਨਾ ਹੋਣ ਕਾਰਨ ਇਹ ਥਾਂ ਲੰਮਾ ਸਮਾਂ ਬੇ-ਆਬਾਦ ਰਹੀ ਤੇ ਫਿਰ ਸਾਲ 2023 ਵਿੱਚ ਸੰਗਤ ਵੱਲੋਂ ਇਸ ਅਸਥਾਨ ਸਬੰਧੀ ਮੋਰਚਾ ਲਾ ਕੇ ਸੰਘਰਸ਼ ਕੀਤਾ ਗਿਆ। ਇਸ ਸੰਘਰਸ਼ ਦੀ ਬਦੌਲਤ ਇੱਥੇ ਸਥਿਤ ਫੈਕਟਰੀ ਨੇ ਪੌਣੇ ਦੋ ਕਰੋੜ ਰੁਪਏ ਖਰਚ ਕੇ ਝੰਡੇ ਤੱਕ ਪੌੜੀਆਂ ਬਣਵਾਈਆਂ ਹਨ।