ਬੱਚਿਆਂ ਨੇ ਭਗਵੰਤ ਮਾਨ ਨਾਲ ਸਾਂਝਾ ਕੀਤਾ ਚੰਦਰਯਾਨ ਦੀ ਉਡਾਣ ਦਾ ਤਜਰਬਾ
ਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੁਲਾਈ
ਸ੍ਰੀਹਰੀਕੋਟਾ ਤੋਂ ਚੰਦਰਯਾਨ-3 ਦੀ ਉਡਾਣ ਭਰਨ ਦਾ ਸ਼ਾਨਦਾਰ ਨਜ਼ਾਰਾ ਦੇਖਣ ਵਾਲੇ ਵਿਦਿਆਰਥੀਆਂ ਨੇ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਵਿਦਿਆਰਥੀਆਂ ਨੇ ਮੁੱਖ ਮੰਤਰੀ ਨਾਲ ਚੰਦਰਯਾਨ-3 ਦੀ ਲਾਂਚਿੰਗ ਦੇ ਤਜਰਬੇ ਸਾਂਝੇ ਕੀਤੇ। ਭਗਵੰਤ ਮਾਨ ਨੇ ਕਿਹਾ ਕਿ ਸਕੂਲਜ਼ ਆਫ ਐਮੀਨੈਂਸ ਵਿੱਚੋਂ ਚੁਣੇ ਗਏ 30 ਵਿਦਿਆਰਥੀਆਂ ਦਾ ਬੈਚ ਇਸ ਯਾਤਰਾ ਲਈ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਆਉਣ ਵਾਲੇ ਦਿਨਾਂ ’ਚ 13 ਵੱਖ-ਵੱਖ ਪ੍ਰਾਜੈਕਟਾਂ ’ਤੇ ਹੋਰ ਪੁਲਾੜ ਤੇ ਮਿਜ਼ਾਈਲਾਂ ਸਬੰਧੀ ਪ੍ਰੋਗਰਾਮ ਉਲੀਕੇ ਜਾਣਗੇ ਤੇ ਇਨ੍ਹਾਂ ਵਿੱਚ ਸੂਬੇ ਦੇ ਹੋਰ ਵਿਦਿਆਰਥੀਆਂ ਨੂੰ ਵਿਗਿਆਨਕ ਤੇ ਤਕਨੀਕੀ ਗਿਆਨ ’ਚ ਵਾਧਾ ਕਰਨ ਲਈ ਭੇਜਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸਰੋ ਨੇ ਪੰਜਾਬ ’ਚ ਸਪੇਸ ਮਿਊਜ਼ੀਅਮ ਸਥਾਪਤ ਕਰਨ ’ਚ ਦਿਲਚਸਪੀ ਦਿਖਾਈ ਹੈ। ਇਸ ਪ੍ਰਾਜੈਕਟ ਦੀ ਸਥਾਪਨਾ ਲਈ ਸੂਬਾ ਸਰਕਾਰ ਇਸਰੋ ਨੂੰ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਸਿੱਖਿਆ ਪ੍ਰਣਾਲੀ ’ਚ ਵੱਡੇ ਸੁਧਾਰ ਲਿਆਉਣ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ’ਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ ਅਤੇ ਮਨੁੱਖੀ ਵਸੀਲਿਆਂ ਦੇ ਵਿਕਾਸ ’ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਸ੍ਰੀ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਸਰਕਾਰੀ ਸਕੂਲਾਂ ’ਚ ਪੜ੍ਹਦੀਆਂ ਵਿਦਿਆਰਥਣਾਂ ਲਈ ਬੱਸ ਸੇਵਾ ਸ਼ੁਰੂ ਕਰੇਗੀ। ਇਸ ਯੋਜਨਾ ਦਾ ਉਦੇਸ਼ ਵਿਦਿਆਰਥਣਾਂ ਨੂੰ ਸਰਕਾਰੀ ਸਕੂਲਾਂ ’ਚ ਆਪਣੀ ਪੜ੍ਹਾਈ ਪੂਰੀ ਕਰਨ ਲਈ ਸਹੂਲਤ ਪ੍ਰਦਾਨ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ।
ਦਫ਼ਤਰਾਂ ਦਾ ਸਮਾਂ ਬਦਲਣ ਨਾਲ 10,800 ਮੈਗਾਵਾਟ ਬਿਜਲੀ ਬਚੀ: ਮੁੱਖ ਮੰਤਰੀ
ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਰਮੀਆਂ ਦੇ ਪੀਕ ਸੀਜ਼ਨ ਦੌਰਾਨ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 2 ਵਜੇ ਤੱਕ ਕਰਨ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ 54 ਦਿਨਾਂ ਵਿੱਚ 52,000 ਸਰਕਾਰੀ ਦਫ਼ਤਰਾਂ ਵਿੱਚ 10,800 ਮੈਗਾਵਾਟ ਬਿਜਲੀ ਦੀ ਬੱਚਤ ਹੋਈ ਹੈ।