ਮੁੱਖ ਮੰਤਰੀ ਨੇ ਝੂਠੀ ਕਹਾਣੀ ਰਚੀ: ਬਾਜਵਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੂਨ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੁਲੀਸ ਵੱਲੋਂ ਸਾਲ 2022 ਦੇ ਰਿਸ਼ਵਤਖ਼ੋਰੀ ਮਾਮਲੇ ’ਚ ‘ਆਪ’ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਸਨ ਨੂੰ ਵੀ ਨਾਟਕਾਂ ਦਾ ਮੰਚ ਬਣਾ ਦਿੱਤਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ 2022 ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਮੰਤਰੀ ਵਿਰੁੱਧ ਕੇਸ ਦਰਜ ਕਰਕੇ ਅਤੇ ਉਸ ਨੂੰ ਬਰਖ਼ਾਸਤ ਕਰ ਕੇ ਵੱਡਾ ਤਮਾਸ਼ਾ ਕੀਤਾ ਸੀ। ਹੁਣ ਕੇਸ ਬੰਦ ਹੋਣ ’ਤੇ ਬਾਜਵਾ ਨੇ ਮਾਨ ਦੇ ਇਰਾਦਿਆਂ ਦੀ ਪ੍ਰਮਾਣਿਕਤਾ ’ਤੇ ਸਵਾਲ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਦਾਅਵਾ ਸੀ ਕਿ ਉਨ੍ਹਾਂ ਕੋਲ ਇਸ ਮਾਮਲੇ ਸਬੰਧੀ ਸਾਰੇ ਸਬੂਤ ਹਨ ਤਾਂ ਕਲੀਨ ਚਿੱਟ ਕਿਵੇਂ ਦਿੱਤੀ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਨੇ ਸੁਰਖੀਆਂ ਬਟੋਰਨ ਲਈ ਸਾਰੀ ਝੂਠੀ ਕਹਾਣੀ ਰਚੀ ਸੀ। ਸ੍ਰੀ ਬਾਜਵਾ ਨੇ ਕਿਹਾ ਕਿ ਇਹ ਘਟਨਾਵਾਂ ‘ਆਪ’ ਦੇ ਸ਼ਾਸਨ ਕਾਲ ਦੌਰਾਨ ਖ਼ਤਰਨਾਕ ਰੁਝਾਨ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਬੇਰੁਜ਼ਗਾਰੀ, ਕਾਨੂੰਨ ਵਿਵਸਥਾ ਤੇ ਨਸ਼ਿਆਂ ਦੀ ਦੁਰਵਰਤੋਂ ’ਤੇ ‘ਆਪ’ ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਸਿਆਸੀ ਸਰਕਸ ਬਣਾਉਣ ਲਈ ਭਗਵੰਤ ਮਾਨ ਦੀ ਆਲੋਚਨਾ ਕੀਤੀ।
ਸ੍ਰੀ ਬਾਜਵਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਲੋਕ ਅਸਲ ਲੀਡਰਸ਼ਿਪ ਦੇ ਹੱਕਦਾਰ ਹਨ, ਨਾ ਕਿ ਰੋਜ਼ਾਨਾ ਦੇ ਪ੍ਰਦਰਸ਼ਨ ਦੇ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਜਵਾਬਦੇਹੀ ਲਈ ਡਰਾਮੇਬਾਜ਼ੀ ਨੂੰ ਗ਼ਲਤ ਸਮਝਣਾ ਬੰਦ ਕਰੀਏ।