ਕੇਂਦਰ ਨੇ ਕਿਸਾਨਾਂ ਨੂੰ ਦਿੱਤਾ ਗੱਲਬਾਤ ਦਾ ਸੱਦਾ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 18 ਜਨਵਰੀ
ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ 11 ਮਹੀਨਿਆਂ ਤੋਂ ਜਾਰੀ ਕਿਸਾਨ ਅੰਦੋਲਨ ’ਚ ਅੱਜ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਕੇਂਦਰ ਨੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚੇ ਨੂੰ ਗੱਲਬਾਤ ਦਾ ਸੱਦਾ ਦਿੱਤਾ। ਕਿਸਾਨਾਂ ਅਤੇ ਕੇਂਦਰ ਦੇ ਨੁਮਾਇੰਦਿਆਂ ਵਿਚਕਾਰ ਮੀਟਿੰਗ 14 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨੀਸਟਰੇਸ਼ਨ (ਮਗਸੀਪਾ) ’ਚ ਸ਼ਾਮ 5 ਵਜੇ ਹੋਵੇਗੀ। ਕੇਂਦਰ ਨਾਲ ਸਹਿਮਤੀ ਬਣਨ ਮਗਰੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ 122 ਕਿਸਾਨਾਂ ਨੂੰ ਤੁਰੰਤ ਵਰਤ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ। ਚੰਡੀਗੜ੍ਹ ’ਚ ਹੋਣ ਵਾਲੀ ਮੀਿਟੰਗ ’ਚ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਮੌਜੂਦ ਰਹਿਣਗੇ। ਕੇਂਦਰ ਦੀ ਸ਼ਰਤ ਮੁਤਾਬਕ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਅਤੇ ਕਿਸਾਨ-ਮਜਦੂਰ ਮੋਰਚਾ ਦੇ ਆਗੂਆਂ ਸਮੇਤ ਜਗਜੀਤ ਸਿੰਘ ਡੱਲੇਵਾਲ ਵੀ ਇਸ ਮੀਟਿੰਗ ’ਚ ਹਾਜ਼ਰ ਰਹਿਣਗੇ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਪ੍ਰਿਯਾ ਰੰਜਨ (ਆਈਐੱਫਐੱਸ) ਅਤੇ ਕੁਝ ਹੋਰ ਅਧਿਕਾਰੀਆਂ ਨੇ ਪਿਛਲੇ 54 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਤੁਰੰਤ ਇਲਾਜ ਕਰਾਉਣ ਦੀ ਅਪੀਲ ਕੀਤੀ। ਕੇਂਦਰੀ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਮੀਟਿੰਗਾਂ ਦਾ ਦੌਰ ਕਰੀਬ ਪੰਜ ਘੰਟਿਆਂ ਤੱਕ ਚੱਲਿਆ। ਕਿਸਾਨਾਂ ਨੇ ਕੇਂਦਰ ਸਰਕਾਰ ਤਰਫ਼ੋਂ ਮਿਲੀ ਗੱਲਬਾਤ ਦੀ ਤਜਵੀਜ਼ ’ਤੇ ਵਿਚਾਰ ਵਟਾਂਦਰਾ ਕੀਤਾ, ਜਿਸ ਮਗਰੋਂ ਉਹ 14 ਫਰਵਰੀ ਨੂੰ ਮੀਟਿੰਗ ਲਈ ਰਾਜ਼ੀ ਹੋ ਗਏ। ਕਿਸਾਨਾਂ ਨੇ ਪਹਿਲਾਂ ਖ਼ਦਸ਼ਾ ਪ੍ਰਗਟਾਇਆ ਸੀ ਕਿ ਕਿਤੇ ਕੇਂਦਰ ਡੱਲੇਵਾਲ ਅਤੇ ਹੋਰ ਕਿਸਾਨਾਂ ਦਾ ਮਰਨ ਵਰਤ ਤੁੜਵਾ ਕੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਹੀ ਨਾ ਕਰੇ। ਅਧਿਕਾਰੀਆਂ ਵੱਲੋਂ ਭਰੋਸਾ ਦਿੱਤੇ ਜਾਣ ਮਗਰੋਂ ਕਿਸਾਨ ਗੱਲਬਾਤ ਲਈ ਰਾਜ਼ੀ ਹੋ ਗਏ। ਕਿਸਾਨ ਆਗੂ ਅਭਿਮੰਨਿਊ ਕੋਹਾੜ ਅਤੇ ਹੋਰ ਆਗੂਆਂ ਨੇ ਕਿਹਾ ਕਿ ਡੱਲੇਵਾਲ ਨੂੰ ਕੇਂਦਰ ਵੱਲੋਂ ਭੇਜੇ ਗਈ ਮੀਟਿੰਗ ਦੀ ਤਜਵੀਜ਼ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ ਮਰਨ ਵਰਤ ਤੋੜਨ ਬਾਰੇ ਫ਼ੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਮਰਨ ਵਰਤ ’ਤੇ ਬੈਠੇ 121 ਹੋਰ ਕਿਸਾਨਾਂ ਦਾ ਮਰਨ ਵਰਤ ਖੁੱਲ੍ਹਵਾਉਣ ਬਾਰੇ ਭਲਕੇ ਮੀਟਿੰਗ ਸੱਦੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਡੱਲੇਵਾਲ ਮਰਨ ਵਰਤ ਖੋਲ੍ਹਣ ਲਈ ਨਾ ਮੰਨੇ ਤਾਂ ਸਾਰੇ ਕਿਸਾਨ ਮਰਨ ਵਰਤ ਉਪਰ ਬੈਠ ਜਾਣਗੇ। ੍ਅੱਜ ਸ਼ਾਮ ਪੰਜ ਵਜੇ ਤੋਂ ਬਾਅਦ ਪ੍ਰਿ੍ਯਾ ਰੰਜਨ ਢਾਬੀ ਗੁੱਜਰਾਂ ’ਤੇ ਪਹੁੰਚੇ ਸਨ। ਇਸ ਮੌਕੇ ਮੀਡੀਆ ਨਾਲ ਹੋਈ ਗੱਲਬਾਤ ਦੌਰਾਨ ਅਧਿਕਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਡੱਲੇਵਾਲ ਦੀ ਸਿਹਤ ਪ੍ਰਤੀ ਫਿਕਰਮੰਦ ਹੈ, ਜਿਸ ਕਰਕੇ ਸਰਕਾਰ ਨੇ ਉਨ੍ਹਾਂ ਨੂੰ ਅੱੱਜ ਇਥੇ ਭੇਜਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਡੱਲੇਵਾਲ ਨੂੰ ਤੰਦਰੁਸਤ ਦੇਖਣਾ ਲੋਚਦੀ ਹੈ। ਮੀਟਿੰਗ ਦੌਰਾਨ ਰਿਟਾਇਰਡ ਏਡੀਜੀਪੀ ਜਸਕਰਨ ਸਿੰਘ, ਰਿਟਾਇਰਡ ਡੀਆਈਜੀ ਨਰਿੰਦਰ ਭਾਰਗਵ ਸਮੇਤ ਡੀਆਈਜੀ ਮਨਦੀਪ ਸਿੱਧੂ, ਡੀਸੀ ਡਾ. ਪ੍ਰੀਤੀ ਯਾਦਵ ਤੇ ਐੱਸਐੱਸਪੀ ਡਾ. ਨਾਨਕ ਸਿੰਘ ਮੌਜੂਦ ਸਨ। ਕਿਸਾਨਾਂ ਵੱਲੋਂ ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ, ਜਸਵਿੰਦਰ ਲੌਂਗੋਵਾਲ, ਸਰਵਣ ਪੰਧੇਰ, ਲਖਵਿੰਦਰ ਔਲਖ, ਸੁਖਜੀਤ ਹਰਦੋਝੰਡੇ ਅਤੇ ਇੰਦਰਜੀਤ ਕੋਟਬੁੱਢੇ ਆਗੂ ਮੀਟਿੰਗ ’ਚ ਹਾਜ਼ਰ ਸਨ। ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਅਤੇ ਕਿਸਾਨਾਂ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਇਹ ਮੀਟਿੰਗਾਂ ਪੰਜਾਬ ਪੱਧਰ ’ਤੇ ਹੋਈਆਂ ਸਨ ਜਿਨ੍ਹਾਂ ਵਿਚ ਪੰਜਾਬ ਸਰਕਾਰ ਦੇ ਦਸ ਵਜ਼ੀਰਾਂ ਨੇ ਵੀ ਮੁਲਾਕਾਤ ਕੀਤੀ ਸੀ। ਕਿਸਾਨਾਂ ਅਤੇ ਡੱਲੇਵਾਲ ਨੂੰ ਮਿਲਣ ਲਈ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਵੀ ਪੁੱਜੀ ਸੀ ਪਰ ਡੱਲੇਵਾਲ ਇਲਾਜ ਕਰਾਉਣ ਲਈ ਰਾਜ਼ੀ ਨਹੀਂ ਹੋਏ ਸਨ।
ਮਰਨ ਵਰਤ ਜਾਰੀ, ਡੱਲੇਵਾਲ ਦੀ ਹਾਲਤ ਗੰਭੀਰ
ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 54ਵੇਂ ਦਿਨ ਵੀ ਜਾਰੀ ਰਿਹਾ ਪਰ ਬੀਤੀ ਰਾਤ ਉਲਟੀਆਂ ਕਾਰਨ ਉਨ੍ਹਾਂ ਦੀ ਸਿਹਤ ਅੱਜ ਵੀ ਦਿਨ ਭਰ ਡਾਵਾਂਡੋਲ ਰਹੀ। ਕਿਸਾਨ ਆਗੂ ਦੀ ਸਿਹਤ ਤਾਂ ਭਾਵੇਂ ਪਹਿਲਾਂ ਵੀ ਵਿਗੜਦੀ ਰਹੀ ਹੈ ਪਰ ਉਦੋਂ ਉਹ ਬਾਅਦ ’ਚ ਠੀਕ ਹੋ ਜਾਂਦੇ ਸਨ ਪਰ ਇਸ ਤਰ੍ਹਾਂ ਲੰਬਾ ਸਮਾਂ ਸਿਹਤ ਵਿਗੜਨ ਦਾ ਇਹ ਪਹਿਲਾ ਹੀ ਦਿਨ ਹੈ। ਉਨ੍ਹਾਂ ਦੀ ਨਿਗਰਾਨੀ ਕਰ ਰਹੀਆਂ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਦੀਆਂ ਟੀਮਾ ਵੱਲੋਂ ਵਾਰ-ਵਾਰ ਦਵਾਈ ਲੈਣ ਲਈ ਦਬਾਅ ਪਾਉਣ ਦੇ ਬਾਵਜੂਦ ਡੱਲੇਵਾਲ ਟੱਸ ਤੋਂ ਮੱਸ ਨਾ ਹੋਏ। ਡੱਲੇਵਾਲ ਦਾ ਕਹਿਣਾ ਹੈ ਕਿ ਉਹ ਮਰਦੇ ਮਰ ਜਾਣਗੇ ਪਰ ਮੰਗਾਂ ਮੰਨੇ ਜਾਣ ਤੱਕ ਆਪਣਾ ਮਰਨ ਵਰਤ ਨਹੀਂ ਤੋੜਨਗੇ।
ਕਿਸਾਨ ਏਕਤਾ: ਦੂਜੇ ਗੇੜ ਦੀ ਬੈਠਕ ਵੀ ਬੇਸਿੱਟਾ
ਐੱਸਕੇਐੱਮ, ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਏਕਤਾ ਲਈ ਸੱਦੀ ਬੈਠਕ ਦੌਰਾਨ ਗੱਲਬਾਤ ਕਰਦੇ ਹੋਏ। -ਫੋਟੋ: ਰਾਜੇਸ਼ ਸੱਚਰ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 18 ਜਨਵਰੀ
ਪਿਛਲੇ 11 ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਬਾਰਡਰਾਂ ਉੱਤੇ ਡਟੀਆਂ ਦੋ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ (ਗ਼ੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦਰਮਿਆਨ ਏਕੇ ਨੂੰ ਲੈ ਕੇ ਹੋਈ ਅੱਜ ਦੂਜੇ ਗੇੜ ਦੀ ਬੈਠਕ ਵੀ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਬੈਠਕ ਦੌਰਾਨ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਰੱਦ ਕਰਵਾਉਣ ਦੀ ਮੰਗ ਉਭਾਰਨ ’ਤੇ ਪੇਚ ਫਸਿਆ ਰਿਹਾ। ਬੈਠਕ ਮਗਰੋਂ ਕਿਸਾਨ ਆਗੂਆਂ ਦੇ ਮਿਲਵਰਤਣ ਅਤੇ ਸੁਭਾਅ ’ਚ ਪਹਿਲੀ ਬੈਠਕ ਵਾਲਾ ਨਿੱਘ ਵੀ ਨਜ਼ਰ ਨਹੀਂ ਆਇਆ। ਪਹਿਲੇ ਗੇੜ ਦੀ ਬੈਠਕ ਮਗਰੋਂ ਕੀਤੀ ਸਾਂਝੀ ਪ੍ਰੈੱਸ ਵਾਰਤਾ ਦੇ ਉਲਟ ਐਤਕੀਂ ਕਿਸਾਨ ਧਿਰਾਂ ਨੇ ਜਿੱਥੇ ਵੱਖੋ-ਵੱਖਰੀਆਂ ਪ੍ਰੈੱਸ ਕਾਨਫਰੰਸਾਂ ਕੀਤੀਆਂ, ਉਥੇ ਏਕਤਾ ਦੇ ਮੁੱਦੇ ’ਤੇ ਅਗਲੀ ਕਿਸੇ ਮੀਟਿੰਗ ਦਾ ਪ੍ਰੋਗਰਾਮ ਵੀ ਨਹੀਂ ਉਲੀਕਿਆ ਗਿਆ। ਹਾਲਾਂਕਿ ਇਸ ਸਭ ਦੇ ਬਾਵਜੂਦ ਇਨ੍ਹਾਂ ਕਿਸਾਨ ਧਿਰਾਂ ਨੇ ਏਕਤਾ ਲਈ ਗੱਲਬਾਤ ਜਾਰੀ ਹੋਣ ਦੇ ਦਾਅਵੇ ਕੀਤੇ ਹਨ। ਦੂਜੇ ਗੇੜ ਦੀ ਬੈਠਕ ਵਿੱਚ ਐੱਸਕੇਐੱਮ ਦੀ ਛੇ ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰਾਂ ਵਜੋਂ ਜੋਗਿੰਦਰ ਉਗਰਾਹਾਂ, ਰਮਿੰਦਰ ਪਟਿਆਲਾ, ਬਲਬੀਰ ਰਾਜੇਵਾਲ, ਕ੍ਰਿਸ਼ਨਾ ਪ੍ਰਸ਼ਾਦ ਤੇ ਡਾ. ਦਰਸ਼ਨਪਾਲ ਨੇ ਸ਼ਿਰਕਤ ਕੀਤੀ। ਉਂਝ ਇਨ੍ਹਾਂ ਨਾਲ ਐੱਸਕੇਐੱਮ ਤੋਂ ਹੀ ਹਰਿੰਦਰ ਲੱਖੋਵਾਲ, ਬਲਦੇਵ ਨਿਹਾਲਗੜ੍ਹ ਤੇ ਝੰਡਾ ਸਿੰਘ ਜੇਠੂਕੇ ਵੀ ਸ਼ਾਮਲ ਰਹੇ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਸੁਖਜੀਤ ਹਰਦੋਝੰਡੇ, ਲਖਵਿੰਦਰ ਔਲਖ, ਗੁਰਵਿੰਦਰ ਭੰਗੂ, ਸੁਰਜੀਤ ਫੂਲ, ਸਰਵਣ ਸਿੰਘ ਪੰਧੇਰ, ਜਸਵਿੰਦਰ ਲੌਂਗੋਵਾਲ, ਮਨਜੀਤ ਰਾਏ, ਰਣਜੀਤ ਰਾਜੂ, ਅਮਰਜੀਤ ਮੋਹੜੀ ਅਤੇ ਮਲਕੀਤ ਸਿੰਘ ਸ਼ਾਮਲ ਹੋਏ। ਯਾਦ ਰਹੇ ਕਿ ਕਿਸਾਨ ਜਥੇਬੰਦੀਆਂ ਦਰਮਿਆਨ ਏਕੇ ਦੀ ਗੱਲ ਐੱਸਕੇਐੱਮ ਵੱਲੋਂ 9 ਜਨਵਰੀ ਨੂੰ ਮੋਗਾ ਵਿਚ ਕੀਤੀ ਮਹਾਪੰਚਾਇਤ ਵਿਚ ਪਾਸ ਕੀਤੇ ਏਕਤਾ ਮਤੇ ਨਾਲ ਸ਼ੁਰੂ ਹੋਈ ਸੀ। ਇਸੇ ਮਤੇ ਤਹਿਤ ਪਹਿਲੀ ਬੈਠਕ 13 ਨੂੰ ਅਤੇ 18 ਨੂੰ ਅੱਜ ਦੂਜੇ ਗੇੜ ਦੀ ਮੀਟਿੰਗ ਹੋਈ। ਜਾਣਕਾਰੀ ਅਨੁਸਾਰ ਇਹ ਅੰਦੋਲਨ ਐੱਮਐੱਸਪੀ ਅਤੇ ਕਰਜ਼ਾ ਮੁਕਤੀ ਸਮੇਤ 12 ਮੰਗਾਂ ’ਤੇ ਲੜਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਐੱਸਕੇਐੱਮ ਦੀ ਤਾਲਮੇਲ ਕਮੇਟੀ ਵੱਲੋਂ ਆਪਣੇ ਅੱਠ ਨੁਕਾਤੀ ਮਤੇ ’ਤੇ ਵਿਚਾਰ ਚਰਚਾ ਦੇ ਨਾਲ ਕੇਂਦਰ ਸਰਕਾਰ ਦੇ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੀ ਮੁੱਖ ਮੰਗ ਵਜੋਂ ਸ਼ਾਮਲ ਕਰਨ ’ਤੇ ਜ਼ੋਰ ਦਿੱਤਾ ਗਿਆ। ਉਧਰ ਦੋਵਾਂ ਫੋਰਮਾਂ ਵੱਲੋਂ ਵੀ ਐੱਸਕੇਐੱਮ ਨੂੰ ਆਪਸੀ ਤਾਲਮੇਲ ਬਿਠਾਉਣ ਲਈ ਤਜਵੀਜ਼ਾਂ ਦਿੱਤੀਆਂ ਗਈਆਂ ਹਨ, ਹਾਲਾਂਕਿ ਅਜੇ ਇਸ ’ਤੇ ਸਹਿਮਤੀ ਨਹੀਂ ਬਣ ਸਕੀ। ਉਂਜ ਦੋਵਾਂ ਧਿਰਾਂ ਵੱਲੋਂ ਇਨ੍ਹਾਂ ਮੱਦਾਂ ’ਤੇ ਫੈਸਲੇ ਲਈ ਆਪਸੀ ਵਿਚਾਰ ਚਰਚਾ ਵਾਸਤੇ ਸਮਾਂ ਮੰਗਿਆ ਗਿਆ ਹੈ। ਰਮਿੰਦਰ ਸਿੰਘ ਪਟਿਆਲਾ, ਜੋ ਇਸ ਕਮੇਟੀ ਸਮੇਤ ਐੱਸਕੇਐੱਮ ਦੀ ਕੇਂਦਰੀ ਤਾਲਮੇਲ ਕਮੇਟੀ ਦੇ ਵੀ ਮੈਂਬਰ ਹਨ, ਨੇ ਕਿਹਾ ਕਿ ਅੱਜ ਦੀ ਬੈਠਕ ਦੀ ਰਿਪੋਰਟ ਐੱਸਕੇਐੱਮ ਦੀ ਕੇਂਦਰੀ ਕਮੇਟੀ ਦੀ 24 ਜਨਵਰੀ ਨੂੰ ਹੋਣ ਵਾਲੀ ਮੀਟਿੰੰਗ ’ਚ ਰੱਖੀ ਜਾਵੇਗੀ। ਉਗਰਾਹਾਂ ਅਤੇ ਰਾਜੇਵਾਲ ਨੇ ਕਿਹਾ ਕਿ ਕੇਂਦਰੀ ਕਮੇਟੀ ਵੱਲੋਂ ਦਿੱਤੇ ਜਾਣ ਵਾਲੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਕੋਈ ਅਗਲਾ ਕਦਮ ਪੁੱਟਿਆ ਜਾਵੇਗਾ। ਐੱਸਕੇਐੱਮ ਦੀ ਕਮੇਟੀ ਨੇ ਬੈਠਕ ਦੌਰਾਨ ਕਿਹਾ ਕਿ ਕੌਮੀ ਖੇਤੀ ਮੰਡੀਕਰਨ ਨੀਤੀ ਖਰੜਾ ਇਤਿਹਾਸਕ ਅਤੇ ਜੇਤੂ ਦਿੱਲੀ ਅੰਦੋਲਨ ’ਚ ਰੱਦ ਕਰਵਾਏ ਗਏ ਤਿੰਨ ਕਾਲੇ ਕਾਨੂੰਨਾਂ ਦਾ ਨਵਾਂ ਤੇ ਖਤਰਨਾਕ ਰੂਪ ਹੈ। ਉਗਰਾਹਾਂ ਨੇ ਤਾਂ ਇਸ ਨੂੰ ਇਨ੍ਹਾਂ ਕਾਨੂੰਨਾ ਦਾ ਪੁਨਰਗਠਨ ਹੀ ਦੱਸਿਆ। ਆਗੂਆਂ ਨੇ ਕਿਹਾ ਕਿ ਇਸ ਖਰੜੇ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਸੰਘਰਸ਼ ਦੇ ਕੇਂਦਰ ਬਿੰਦੂ ਵਜੋਂ ਲੈਂਦਿਆਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਬਾਕੀ ਸਾਰੀਆਂ 12 ਮੰਗਾਂ ਲਈ ਆਪਸੀ ਸਹਿਮਤੀ ਨਾਲ ਤਾਲਮੇਲ ਵਾਲਾ ਜਾਂ ਸਾਂਝਾ ਸੰਘਰਸ਼ ਚਲਾਉਣ ਖਾਤਰ ਘੱਟੋ ਘੱਟ ਜਾਂ ਵੱਧ ਤੋਂ ਵੱਧ ਏਕਤਾ ਲਈ ਯਤਨ ਜੁਟਾਉਣੇ ਚਾਹੀਦੇ ਹਨ। ਹਾਲਾਂਕਿ ਬਦਲਵੇਂ ਰੂਪ ਵਿੱਚ ਦੋਵਾਂ ਫੋਰਮਾਂ ਦੇ ਆਗੂਆਂ ਨੇ ਇਸ ਸਬੰਧੀ ਵਿਚਾਰ ਵਟਾਂਦਰੇ ਲਈ ਸਮੇਂ ਦੀ ਮੰਗ ਕੀਤੀ। ਫੋਰਮਾਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਮੁੱਖ ਆਗੂਆਂ ਤੋਂ ਇਲਾਵਾ ਜਰਨੈਲ ਸਿੰਘ ਚਹਿਲ, ਇੰਰਦਜੀਤ ਕੋਟਬੁੱਢਾ, ਅਭਿਮੰਨਿਊ ਕੋਹਾੜ ਤੇ ਦਿਲਬਾਗ ਹਰੀਗੜ੍ਹ ਆਦਿ ਮੌਜੂਦ ਸਨ।
ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦੇਵੇਗਾ ਐੱਸਕੇਐੱਮ
ਪਟਿਆਲਾ(ਸਰਬਜੀਤ ਸਿੰਘ ਭੰਗੂ): ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਪਾਉਣ ਲਈ 20 ਜਨਵਰੀ ਨੂੰ ਦੇਸ਼ ਭਰ ਦੀਆਂ ਸਾਰੀਆਂ ਪਾਰਟੀਆਂ ਦੇ ਸਮੂਹ ਸੰਸਦ ਮੈਂਬਰਾਂ ਦੇ ਘਰਾਂ ਜਾਂ ਦਫਤਰਾਂ ਵਿਚ ਜਾ ਕੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ। ਐੱਸਕੇਐੱਮ ਵੱਲੋਂ ਕਿਸਾਨ ਧਿਰਾਂ ’ਚ ਏਕਤਾ ਲਈ ਬਣਾਈ ਛੇ ਮੈਂਬਰੀ ਕਮੇਟੀ ਵਿਚ ਸ਼ਾਮਲ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਰਮਿੰਦਰ ਸਿੰਘ ਪਟਿਆਲਾ, ਡਾ: ਦਰਸ਼ਨਪਾਲ, ਯੁੱਧਵੀਰ ਸਿੰਘ ਅਤੇ ਕ੍ਰਿਸ਼ਨ ਪ੍ਰਸਾਦ ਨੇ ਅੱਜ ਪਾਤੜਾਂ ’ਚ ਵੱਖਰੇ ਤੌਰ ’ਤੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਡੱਲੇਵਾਲ ਦੀ ਗੰਭੀਰ ਹਾਲਤ ਦੇ ਬਾਵਜੂਦ ਕੇਂਦਰ ਵੱਲੋਂ ਅਪਣਾਏ ਰਵੱਈਏ ਦੀ ਜ਼ੋਰਦਾਰ ਸ਼ਬਦਾਂ ’ਚ ਨਿੰਦਾ ਕੀਤੀ।