ਘਰ ਦੇ ਕਮਰੇ ਦੀ ਛੱਤ ਡਿੱਗੀ
ਇੱਥੋਂ ਨੇੜਲੇ ਪਿੰਡ ਮੱਦੋਮਾਜਰਾ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਵਿਧਵਾ ਮਾਮੂਲੀ ਜ਼ਖ਼ਮੀ ਹੋ ਗਈ। ਸਰਪੰਚ ਦੇ ਪਤੀ ਮਹਿੰਦਰ ਸਿੰਘ ਨੇ ਦੱਸਿਆ ਕਿ ਕੁਲਵੀਰ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਲੜਕੇ ਤੇ ਲੜਕੀ ਨਾਲ ਖਸਤਾ ਹਾਲ ਕਮਰੇ ਵਿੱਚ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਕੁਲਵੀਰ ਕੌਰ ਕਮਰੇ ਅੰਦਰ ਹੀ ਮੌਜੂਦ ਸੀ ਅਤੇ ਉਸ ਦਾ ਲੜਕਾ ਘਰ ਤੋਂ ਬਾਹਰ ਕਿਸੇ ਕੰਮ ਗਿਆ ਹੋਇਆ ਸੀ ਤੇ ਲੜਕੀ ਕਮਰੇ ਤੋਂ ਬਾਹਰ ਬਣੀ ਰਸੋਈ ਵਿੱਚ ਚਾਹ ਬਣਾ ਰਹੀ ਸੀ। ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਉਪਰੰਤ ਕੁਲਵੀਰ ਕੌਰ ਮਲਬੇ ਅੰਦਰ ਫਸ ਗਈ ਤੇ ਉਸ ਨੂੰ ਪਿੰਡ ਵਾਸੀਆਂ ਵੱਲੋਂ ਕਾਫ਼ੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਇੱਕ ਕੋਨੇ ਵਿੱਚ ਮੌਜੂਦ ਹੋਣ ਕਾਰਨ ਕੁਲਵੀਰ ਕੌਰ ਦਾ ਸੱਟਾਂ ਤੋਂ ਬਚਾਅ ਹੋ ਗਿਆ। ਉਨ੍ਹਾਂ ਸਰਕਾਰ ਤੇ ਸਮਾਜ ਸੇਵੀ ਲੋਕਾਂ ਤੋਂ ਮੰਗ ਕੀਤੀ ਕਿ ਕੁਲਵੀਰ ਕੌਰ ਦੇ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮੱਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਡਿੱਗੇ ਹੋਏ ਕਮਰੇ ਦੀ ਦੁਬਾਰਾ ਮੁਰੰਮਤ ਕਰ ਸਕੇ। ਉਨ੍ਹਾਂ ਦੱਸਿਆ ਕਿ ਕੁਲਵੀਰ ਕੌਰ ਮਨਰੇਗਾ ਵਿੱਚ ਦਿਹਾੜੀਆਂ ਕਰਦੀ ਹੈ।