ਰੇੜ੍ਹੀ ਫ਼ੜੀ ਵਾਲਿਆਂ ਦੀ ਹੋਈ ਜਿੱਤ; ਪ੍ਰਦਰਸ਼ਨ ਤੋਂ ਬਾਅਦ ਰੇੜ੍ਹੀਆਂ ਲਗਵਾਉਣ ਲਈ ਮੰਨਿਆ ਪ੍ਰਸ਼ਾਸਨ
ਜਲਾਲਾਬਾਦ ਦੀ ਅਨਾਜ ਮੰਡੀ ਵਿੱਖੇ ਬਣੇ ਰੇੜ੍ਹੀ ਫੜੀ ਵਾਲਿਆਂ ਵਾਸਤੇ ਸ਼ੈਡ ਵਿੱਚ ਰੇੜ੍ਹੀ ਫ਼ੜੀ ਦਾ ਕੰਮ ਕਰਨ ਵਾਲਿਆਂ ਦੀਆਂ ਰੇੜੀਆਂ ਜਬਰੀ ਚੁਕਵਾਉਣ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਵਿੱਚ 16 ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੀ ਉਸ ਵੇਲੇ ਜਿੱਤ ਹੋਈ, ਜਦੋਂ ਲੜ ਰਹੀਆਂ ਜਥੇਬੰਦੀਆਂ ਨੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਰੇੜ੍ਹੀ ਫ਼ੜੀ ਵਾਲਿਆਂ ਦੀਆਂ ਰੇੜ੍ਹੀਆਂ ਲਵਾ ਕੇ ਉਨ੍ਹਾਂ ਨੂੰ ਸਬਜ਼ੀ ਅਤੇ ਫਰੂਟ ਵੇਚਣ ਲਈ ਲਾ ਦਿੱਤਾ।
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਇਸ ਸੰਘਰਸ਼ ਵਿੱਚ ਲਗਾਤਾਰ ਲੜੀਵਾਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਚੱਲ ਰਹੀ ਹੈ। ਇਸੇ ਸਮੇਂ ਦੌਰਾਨ ਹੀ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕੁਝ ਜਥੇਬੰਦੀਆਂ ਨੇ ਹਮਾਇਤ ਕਰਦਿਆਂ ਇੱਕ ਕਮੇਟੀ ਬਣਾ ਕੇ ਕੱਲ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ ਕਿ ਜੇਕਰ ਪ੍ਰਸ਼ਾਸਨ ਨੇ ਕਿਰਤੀ ਗ਼ਰੀਬ ਰੇੜ੍ਹੀ ਫ਼ੜੀ ਵਾਲਿਆਂ ਦੀਆਂ ਪਹਿਲਾਂ ਲਗਾਤਾਰ ਕਈ ਸਾਲਾਂ ਤੋਂ ਲੱਗ ਰਹੀਆ ਰੇੜ੍ਹੀਆਂ ਨੂੰ ਉੱਥੇ ਲਗਾਉਣ ਦੀ ਆਗਿਆ ਨਾ ਦਿੱਤੀ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ।
ਹਾਲਾਂਕਿ ਜ਼ਿਲ੍ਹਾ ਪੁਲੀਸ ਨੇ ਆਗੂਆਂ ਨਾਲ ਮੀਟਿੰਗ ਕੀਤੀ , ਜਿਸ ਤੋਂ ਬਾਅਦ ਇਸ ਮਸਲੇ ਦਾ ਹੱਲ ਕੱਢਿਆ ਗਿਆ। ਜਥੇਬੰਦੀਆਂ ਦੇ ਆਗੂਆਂ ਨੇ ਇਸ ਨੂੰ ਆਪਣੀ ਜਿੱਤ ਕਰਾਰ ਦਿੱਤਾ।