ਨਸ਼ਿਆਂ ਦੇ ਮਾਮਲੇ ’ਤੇ ਲੋਹਗੜ੍ਹ ’ਚ ਮਾਹੌਲ ਤਣਾਅਪੂਰਨ
ਹਰਦੀਪ ਸਿੰਘ
ਇਸ ਹਲਕੇ ਅੰਦਰ ਨਸ਼ਿਆਂ ਦੀ ਵਿਕਰੀ ਨੂੰ ਲੈ ਕੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਪੋਸਟਾਂ ਵਾਇਰਲ ਹੋ ਰਹੀਆਂ ਸਨ। ਇਸ ਤੋਂ ਬਾਅਦ ਅੱਜ ਸੱਤਾਧਾਰੀ ਧਿਰ ਅਤੇ ਕਾਂਗਰਸ ਵਰਕਰ ਆਹਮੋ-ਸਾਹਮਣੇ ਹੋ ਗਏ।
ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਗੁਰਦੁਆਰੇ ਇਕੱਠ ਕਰਕੇ ਆਪਣੇ ਅਤੇ ਸਾਥੀਆਂ ਦੇ ਡੋਪ ਟੈਸਟ ਕਰਵਾਉਣ ਦੀ ਸਾਬਕਾ ਵਿਧਾਇਕ ਦੇ ਧੜੇ ਨੂੰ ਚੁਣੌਤੀ ਦਿੱਤੀ, ਜਿਸ ਕਾਰਨ ਦੂਜੀ ਧਿਰ ਦੇ ਸਮਰਥਕ ਵੀ ਇਕੱਠੇ ਹੋ ਗਏ ਪਰ ਪੁਲੀਸ ਦੀ ਸੂਝ ਬੂਝ ਨਾਲ ਟਕਰਾਅ ਟਲ ਗਿਆ।
ਜਾਣਕਾਰੀ ਅਨੁਸਾਰ ਵਿਧਾਇਕ ਢੋਸ ਨੇ ਬੀਤੀ ਸ਼ਾਮ ਲਾਈਵ ਹੋ ਕੇ ਅੱਜ ਦਸ ਵਜੇ ਪਿੰਡ ਲੋਹਗੜ੍ਹ ਆਉਣ ਦਾ ਸੱਦਾ ਦਿੱਤਾ ਸੀ। ਇਸ ਕਾਰਨ ਗੁਰਦੁਆਰੇ ’ਚ ‘ਆਪ’ ਸਮਰਥਕਾਂ ਦਾ ਵੱਡਾ ਇਕੱਠ ਹੋ ਗਿਆ। ਦੂਸਰੇ ਪਾਸੇ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਦੇ ਭਰਾ ਇਕਬਾਲ ਸਿੰਘ ਸਮਰਾ ਦੀ ਅਗਵਾਈ ਹੇਠ ਉਨ੍ਹਾਂ ਦੇ ਘਰ ਵੀ ਕਾਂਗਰਸ ਸਮਰਥਕ ਇਕੱਠੇ ਹੋ ਗਏ। ਦੋਹਾਂ ਧਿਰਾਂ ਵਿਚ ਟਕਰਾਅ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਪਿੰਡ ਪੁੱਜ ਗਈ। ਡੀਐੱਸਪੀ ਰਮਨਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਪਿੰਡ ਵਿੱਚ ਹੋਣ ਵਾਲੇ ਟਕਰਾਅ ਨੂੰ ਟਾਲ ਦਿੱਤਾ। ਪੁਲੀਸ ਨੇ ਸਾਬਕਾ ਵਿਧਾਇਕ ਦੇ ਸਮਰਥਕਾਂ ਨੂੰ ਉਨ੍ਹਾਂ ਦੇ ਗ੍ਰਹਿ ਵਿਚ ਹੀ ਰੋਕ ਦਿੱਤਾ। ਇਸ ਦੌਰਾਨ ਵਿਧਾਇਕ ਢੋਸ ਅਤੇ ‘ਆਪ’ ਦੇ ਹੋਰ ਆਗੂ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਵਾ ਕੇ ਉਨ੍ਹਾਂ ਦੇ ਡੋਪ ਟੈਸਟ ਕਰਵਾਉਣ ਬਾਰੇ ਵਾਰ ਵਾਰ ਦੂਸਰੇ ਧੜੇ ਨੂੰ ਆਉਣ ਬਾਰੇ ਕਹਿੰਦੇ ਰਹੇ। ਵਿਧਾਇਕ ਢੋਸ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵਿਰੋਧੀ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ।
ਉਧਰ, ਇਕਬਾਲ ਸਿੰਘ ਲੋਹਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਕੁਲਵਿੰਦਰ ਸਿੰਘ ਮਾਨ ਕੋਟ ਈਸੇ ਖਾਂ ਨੇ ਇਸ ਸਬੰਧੀ ਹਲਕੇ ਦੇ ਕੁਝ ‘ਆਪ’ ਆਗੂਆਂ ਦੇ ਡੋਪ ਟੈਸਟਾਂ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਵਲੋਂ ਤਾਂ ਉਸ ਦੇ ਸਮਰਥਨ ਵਿਚ ਆਪਣੇ ਵਲੋਂ ਇਨਾਮ ਦੇਣ ਦੀ ਗੱਲ ਕਹੀ ਗਈ ਸੀ। ਇਸ ਮੌਕੇ ਕੁਲਵਿੰਦਰ ਮਾਨ ਨੇ ਕਿਹਾ ਕਿ ਅਗਲੇ ਐਤਵਾਰ ਉਨ੍ਹਾਂ ਦੇ ਘਰ ਕੋਟ ਈਸੇ ਖਾਂ ਵਿਚ ਪਾਠ ਦਾ ਭੋਗ ਪਾਇਆ ਜਾਣਾ ਹੈ। ਜੇ ਸੁਝਾਏ ਗਏ ਪੰਜ ‘ਆਪ’ ਆਗੂ ਇਸ ਮੌਕੇ ਆ ਕੇ ਨਸ਼ੇ ਨਾ ਕਰਨ ਜਾਂ ਵਿਕਰੀ ਵਿਚ ਸ਼ਾਮਲ ਨਾ ਹੋਣ ਸਬੰਧੀ ਸਹੁੰ ਖਾ ਲੈਣ ਤਾਂ ਉਨ੍ਹਾਂ ਵੱਲੋਂ ਐਲਾਨਿਆ ਇਨਾਮ ਜ਼ਰੂਰ ਦਿੱਤਾ ਜਾਵੇਗਾ।