9ਵਾਂ ਤਿੰਨ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ 7 ਤੋਂ
ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਵੱਲੋਂ ਤਿੰਨ ਰੋਜ਼ਾ 9ਵਾਂ ਮਿਲਟਰੀ ਲਿਟਰੇਚਰ ਫੈਸਟੀਵਲ 7 ਤੋਂ 9 ਨਵੰਬਰ ਤੱਕ ਚੰਡੀਗੜ੍ਹ ਵਿੱਚ ਸੁਖਨਾ ਝੀਲ ਸਥਿਤ ਲੇਕ ਕਲੱਬ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਯੂ ਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਕੀਤਾ ਜਾਵੇਗਾ। ਇਸ ਗੱਲ ਦਾ ਐਲਾਨ ਐਸੋਸੀਏਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀ ਐੱਸ ਸ਼ੇਰਗਿੱਲ ਨੇ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 9 ਨਵੰਬਰ ਨੂੰ ਫੈਸਟੀਵਲ ਦੀ ਸਮਾਪਤੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ ਤੇ ਉਨ੍ਹਾਂ ਵੱਲੋਂ 1965 ਦੀ ਭਾਰਤ-ਪਾਕਿਸਤਾਨ ਜੰਗ ਦੇ ਯੋਧਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਚੇਅਰਮੈਨ ਨੇ ਕਿਹਾ ਕਿ ਫੈਸਟੀਵਲ ਵਿੱਚ ਲੈਫਟੀਨੈਂਟ ਜਨਰਲ ਰਾਜ ਸ਼ੁਕਲਾ ਤੇ ਏਅਰ ਮਾਰਸ਼ਲ ਰਾਜੀਵ ਸੱਚਦੇਵਾ ਏ ਵੀ ਐੱਸ ਐੱਮ ਵੱਲੋਂ ਅਪਰੇਸ਼ਨ ਸਿੰਧੂਰ ਜੰਗ ਬਾਰੇ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਏਅਰ ਮਾਰਸ਼ਲ ਦੀਪਤੇਂਦੂ ਚੌਧਰੀ ਅਤੇ ਅੰਬੈਸਡਰ ਯਸ਼ ਸਿਨਹਾ ਪਾਕਿਸਤਾਨ ਤੇ ਚੀਨ ਤੋਂ ਜੰਗ ਦੇ ਖਤਰਿਆਂ ਬਾਰੇ ਵਿਚਾਰ ਰੱਖਣਗੇ। ਫੈਸਟੀਵਲ ਵਿੱਚ ਸਾਲ 1965 ਦੀ ਭਾਰਤ-ਪਾਕਿਸਤਾਨ ਜੰਗ ਬਾਰੇ ਤੇ ਭਾਰਤ ਦੀ ਜਲ ਸੈਨਾ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਜੰਗ ਜ਼ਮੀਨ ਅਤੇ ਪਾਣੀ ਵਿੱਚ ਹੁੰਦੀ ਸੀ। ਇਸ ਤੋਂ ਬਾਅਦ ਅਸਮਾਨ ਵਿੱਚ ਹੋਣ ਲੱਗ ਪਈ ਹੈ ਪਰ ਸਮੇਂ ਤੇ ਤਕਨੀਕ ਦੇ ਨਾਲ ਵੱਖ-ਵੱਖ ਦੇਸ਼ਾਂ ਵਿੱਚ ਜੰਗ ਏ ਆਈ ਤਕਨੀਕ ਅਤੇ ਡਿਜੀਟਲ ਢੰਗ ਨਾਲ ਹੋਣ ਲੱਗ ਗਈ ਹੈ। ਆਧੁਨਿਕ ਯੁੱਗ ਵਿੱਚ ਭਾਰਤ ਨੂੰ ਸੁਰੱਖਿਆ ਖੇਤਰ ਵਿੱਚ ਖੁਦ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਪਾਕਿਸਤਾਨ ਨੂੰ ਚੀਨ ਦੀ ਹਮਾਇਤ ਹੋਣ ਕਰਕੇ ਭਾਰਤੀ ਫੌਜ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫੈਸਟੀਵਲ ਵਿੱਚ 35 ਤੋਂ 40 ਦੇਸ਼ ਤੇ ਵਿਦੇਸ਼ ਤੋਂ ਡੈਲੀਗੇਟ ਸ਼ਾਮਲ ਹੋਣਗੇ। ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਬਾਰੇ ਉਤਸ਼ਾਹਤ ਕਰਨ ਲਈ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਘੋੜਿਆਂ ਅਤੇ ਕੁੱਤਿਆਂ ਦਾ ਸ਼ੋਅ ਕਰਵਾਇਆ ਜਾਵੇਗਾ। ਫੈਸਟੀਵਲ ਵਿੱਚ ਫੌਜ ਨਾਲ ਸਬੰਧਤ ਪੇਂਟਿੰਗ ਅਤੇ ਮਿਲਟਰੀ ਸਟੈਂਪ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।
