ਫੰਡਿੰਗ ਬਗ਼ੈਰ ਪਹਿਲਗਾਮ ਦਹਿਸ਼ਤੀ ਹਮਲਾ ਸੰਭਵ ਨਹੀਂ: ਐੱਫਏਟੀਐੱਫ
ਆਦਿਤੀ ਟੰਡਨ
ਨਵੀਂ ਦਿੱਲੀ, 16 ਜੂਨ
ਆਲਮੀ ਦਹਿਸ਼ਤੀ ਫੰਡਿੰਗ ’ਤੇ ਨਜ਼ਰ ਰੱਖਣ ਵਾਲੀ ਏਜੰਸੀ ਵਿੱਤੀ ਐਕਸ਼ਨ ਟਾਸਕ ਫੋਰਸ ਨੇ 22 ਅਪਰੈਲ ਨੂੰ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲਾ ਪੈਸਿਆਂ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਇਹ ਤੀਜੀ ਵਾਰ ਹੈ ਜਦੋਂ ਐੱਫਏਟੀਐੱਫ ਨੇ ਬੀਤੇ ਇਕ ਦਹਾਕੇ ’ਚ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ 2015 ਅਤੇ 2019 ਦੇ ਹਮਲਿਆਂ ਦੀ ਨਿਖੇਧੀ ਕੀਤੀ ਸੀ। ਭਾਰਤ ਵੱਲੋਂ ਪਾਕਿਸਤਾਨ ਨੂੰ ਐੱਫਏਟੀਐੱਫ ਦੀ ਕਾਲੀ ਸੂਚੀ ’ਚ ਮੁੜ ਤੋਂ ਰੱਖਣ ਲਈ ਪਾਏ ਜਾ ਰਹੇ ਦਬਾਅ ਦਰਮਿਆਨ ਏਜੰਸੀ ਨੇ ਕਿਹਾ, ‘‘ਅਤਿਵਾਦੀ ਦੁਨੀਆ ਭਰ ’ਚ ਲੋਕਾਂ ਦੀ ਹੱਤਿਆ ਕਰਦੇ ਹਨ, ਉਨ੍ਹਾਂ ਨੂੰ ਅਪਾਹਜ ਬਣਾਉਂਦੇ ਹਨ ਅਤੇ ਡਰ ਪੈਦਾ ਕਰਦੇ ਹਨ। ਅਸੀਂ 22 ਅਪਰੈਲ ਨੂੰ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਦੀ ਨਿੰਦਾ ਕਰਦੇ ਹਾਂ। ਇਹ ਅਤੇ ਹੋਰ ਹਮਲੇ ਬਿਨਾਂ ਪੈਸਿਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਫੰਡਾਂ ਦੇ ਲੈਣ-ਦੇਣ ਤੋਂ ਬਿਨਾਂ ਨਹੀਂ ਹੋ ਸਕਦੇ ਸਨ।’’ ਪਾਕਿਸਤਾਨ ਨੂੰ 2008 ’ਚ ਕਾਲੀ ਸੂਚੀ ’ਚੋਂ ਹਟਾ ਦਿੱਤਾ ਗਿਆ ਸੀ। ਐੱਫਏਟੀਐੱਫ ਨੇ ਅੱਜ ਇਹ ਵੀ ਕਿਹਾ ਕਿ ਉਸ ਨੇ ਦਹਿਸ਼ਤੀ ਫੰਡਿੰਗ ਨਾਲ ਸਿੱਝਣ ਲਈ ਮੁਲਕਾਂ ਵੱਲੋਂ ਅਪਣਾਏ ਗਏ ਢੰਗ-ਤਰੀਕਿਆਂ ਦੇ ਅਸਰ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਐੱਫਏਟੀਐੱਫ ਨੇ ਆਲਮੀ ਨੈੱਟਵਰਕ ’ਚ 200 ਤੋਂ ਵੱਧ ਖੇਤਰਾਂ ਦੇ ਮੁਲਾਂਕਣ ’ਚ ਯੋਗਦਾਨ ਦੇਣ ਵਾਲੇ ਮਾਹਿਰਾਂ ਦੀ ਹਮਾਇਤ ਕਰਨ ਲਈ ਦਹਿਸ਼ਤੀ ਫੰਡਿੰਗ ਜੋਖ਼ਮ ਬਾਰੇ ਮਾਰਗ-ਦਰਸ਼ਨ ਵਿਕਸਤ ਕੀਤਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਐੱਫਏਟੀਐੱਫ ਛੇਤੀ ਹੀ ਆਲਮੀ ਨੈੱਟਵਰਕ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਦਹਿਸ਼ਤੀ ਫੰਡਿੰਗ ਦਾ ਇਕ ਵਿਆਪਕ ਅਧਿਐਨ ਜਾਰੀ ਕਰੇਗਾ। ਏਜੰਸੀ ਨੇ ਆਪਣੀ ਮੁਖੀ ਐਲੀਜ਼ਾ ਡੀ ਐਂਡਾ ਮਾਦਰਾਜ਼ੋ ਦੇ ਹਾਲੀਆ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਕੰਪਨੀ, ਅਧਿਕਾਰੀ ਜਾਂ ਮੁਲਕ ਇਸ ਚੁਣੌਤੀ ਨੂੰ ਇਕੱਲਿਆਂ ਨਹੀਂ ਸਿੱਝ ਸਕਦਾ ਹੈ ਅਤੇ ਸਾਰਿਆਂ ਨੂੰ ਰਲ ਕੇ ਆਲਮੀ ਦਹਿਸ਼ਤਗਰਦੀ ਦਾ ਟਾਕਰਾ ਕਰਨਾ ਪਵੇਗਾ।