ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਦੀ ਕੋਠੀ ਅੱਗੇ ਅਧਿਆਪਕਾਂ ਵੱਲੋਂ ਧਰਨਾ

ਬਦਲੀਆਂ ਦਾ ਵਿਸ਼ੇਸ਼ ਮੌਕਾ ਦੇਣ ਦੀ ਮੰਗ; 17 ਨੂੰ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਤੈਅ
ਸੰਗਰੂਰ ’ਚ ਧਰਨਾਕਾਰੀ ਅਧਿਆਪਕਾਂ ਨੂੰ ਸ਼ਾਂਤ ਕਰਦੇ ਹੋਏ ਪੁਲੀਸ ਅਧਿਕਾਰੀ।
Advertisement

ਪੰਜਾਬ ਭਰ ਤੋਂ ਪੁੱਜੇ ਅਧਿਆਪਕਾਂ ਵੱਲੋਂ 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਇੱਥੇ ਮੁੱਖ ਮੰਤਰੀ ਦੀ ਕੋਠੀ ਨੇੜੇ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਅਧਿਆਪਕ ਵਾਅਦੇ ਅਨੁਸਾਰ ਬਦਲੀਆਂ ਦਾ ਵਿਸ਼ੇਸ਼ ਮੌਕਾ ਨਾ ਦੇਣ ਤੋਂ ਖਫ਼ਾ ਸਨ ਤੇ ਉਹ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸਨ। 4161 ਮਾਸਟਰ ਕੇਡਰ ਅਧਿਆਪਕ ਵੱਖ-ਵੱਖ ਜ਼ਿਲ੍ਹਿਆਂ ਤੋਂ ਸਥਾਨਕ ਵੇਰਕਾ ਮਿਲਕ ਪਲਾਂਟ ਦੇ ਪਾਰਕ ਵਿੱਚ ਇਕੱਠੇ ਹੋਏ। ਇੱਥੋਂ ਰੋਸ ਮਾਰਚ ਕਰਦੇ ਹੋਏ ਜਿਵੇਂ ਹੀ ਉਹ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੇ ਤਾਂ ਪੁਲੀਸ ਨੇ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਰੋਕ ਲਿਆ। ਅਧਿਆਪਕਾਂ ਨੇ ਉੱਥੇ ਹੀ ਧਰਨਾ ਲਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਰਸ਼ਪਾਲ ਜਲਾਲਾਬਾਦ ਅਤੇ ਜਨਰਲ ਸਕੱਤਰ ਗੁਰਧਿਆਨ ਸਿੰਘ ਪਾਤੜਾਂ ਨੇ ਦੱਸਿਆ ਕਿ ਪਿਛਲੀਆਂ ਮੀਟਿੰਗਾਂ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਚੱਲ ਰਹੀਆਂ ਬਦਲੀਆਂ ਦੌਰਾਨ 4161 ਅਧਿਆਪਕਾਂ ਨੂੰ ਬਦਲੀਆਂ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ। ਇਸ ਬਾਰੇ ਅਜੇ ਤੱਕ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਿਹੜੀਆਂ ਅਧਿਆਪਕ ਭਰਤੀਆਂ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਦੋ ਸਾਲ ਬਾਅਦ ਬਦਲੀ ਦਾ ਮੌਕਾ ਦਿੱਤਾ ਗਿਆ ਹੈ ਪਰ 4161 ਭਰਤੀ ਨਾਲ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ 4161 ਅਧਿਆਪਕ ਆਪਣੇ ਘਰਾਂ ਤੋਂ 200 ਤੋਂ 250 ਕਿਲੋਮੀਟਰ ਦੂਰ ਤਾਇਨਾਤ ਹਨ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਮੰਤਰੀ ਕੀਤੇ ਵਾਅਦੇ ਅਨੁਸਾਰ 4161 ਅਧਿਆਪਕਾਂ ਨੂੰ ਬਦਲੀਆਂ ਦਾ ਵਿਸ਼ੇਸ਼ ਮੌਕਾ ਦੇਣ। ਆਗੂਆਂ ਨੇ ਐਲਾਨ ਕੀਤਾ ਕਿ ਜੇ ਅਧਿਆਪਕਾਂ ਨੂੰ ਬਦਲੀਆਂ ਦਾ ਵਿਸ਼ੇਸ਼ ਮੌਕਾ ਨਾ ਦਿੱਤਾ ਗਿਆ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।

ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਨੀਅਨ ਨੂੰ ਕੈਬਨਿਟ ਸਬ-ਕਮੇਟੀ ਨਾਲ 17 ਅਕਤੂਬਰ ਦੀ ਚੰਡੀਗੜ੍ਹ ਵਿੱਚ ਮੀਟਿੰਗ ਨਿਸ਼ਚਿਤ ਕਰਵਾਈ ਗਈ। ਇਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।

Advertisement

Advertisement
Show comments