ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਮੁਜ਼ਾਹਰਾ
ਕਰਮਜੀਤ ਸਿੰਘ ਚਿੱਲਾ
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਅਧਿਆਪਕਾਂ ਨੇ ਮੁਹਾਲੀ ’ਚ ਸਿੱਖਿਆ ਵਿਭਾਗ ਦੇ ਦਫ਼ਤਰ ਬਾਹਰ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ। ਧਰਨੇ ਤੋਂ ਪਹਿਲਾਂ ਅਧਿਆਪਕਾਂ ਨੇ ਗੋਲ ਚੌਕ ਤੋਂ ਸਿੱਖਿਆ ਭਵਨ ਤੱਕ ਰੋਸ ਮਾਰਚ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਿੱਖਿਆ ਕ੍ਰਾਂਤੀ ਦੇ ਨਾਅਰੇ ਨੂੰ ਖੋਖਲਾ ਕਰਾਰ ਦਿੱਤਾ। ਉਨ੍ਹਾਂ ਪੰਜ ਸਤੰਬਰ ਨੂੰ ‘ਅਧਿਆਪਕ ਦਿਵਸ‘ ਮੌਕੇ ਸਰਕਾਰੀ ਸਮਾਗਮ ਦੇ ਬਰਾਬਰ ਮੁਹਾਲੀ ’ਚ ਸੂਬਾ ਪੱਧਰੀ ਰੋਸ ਰੈਲੀ ਕਰਨ ਦੀ ਚੇਤਾਵਨੀ ਵੀ ਦਿੱਤੀ।
ਇਸ ਦੌਰਾਨ ਅਧਿਆਪਕਾਂ ਨੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਨਾਂ ਇੱਕ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਸੌਂਪਿਆ। ਇਸ ਮੌਕੇ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨੇ ਆਗੂਆਂ ਦੀ ਡੀਐੱਸਈ (ਸੀਨੀਅਰ ਸੈਕੰਡਰੀ) ਅਤੇ ਡੀਐੱਸਈ (ਐਲੀਮੈਂਟਰੀ ਸਿੱਖਿਆ) ਨਾਲ ਮੀਟਿੰਗ ਕਰਵਾਈ। ਅਧਿਕਾਰੀਆਂ ਨੇ ਵਿਭਾਗੀ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
ਅਧਿਆਪਕਾਂ ਨੇ ਦੱਸਿਆ ਕਿ ਰੈਗੂਲਰ ਹੋ ਚੁੱਕੇ ਓਡੀਐੱਲ ਅਧਿਆਪਕਾਂ ਦੇ ਤਨਖ਼ਾਹ ਬਕਾਏ, 180 ਅਧਿਆਪਕਾਂ ਨੂੰ ਮੁੱਢਲੀ ਭਰਤੀ ਅਨੁਸਾਰ ਬਣਦੇ ਲਾਭ, ਕੰਪਿਊਟਰ ਫੈਕਲਟੀ, ਸਮੂਹ ਕੱਚੇ ਅਧਿਆਪਕ ਅਤੇ ਨਾਨ ਟੀਚਿੰਗ ਨੂੰ ਵਿਭਾਗ ਵਿੱਚ ਰੈਗੂਲਰ ਕਰਨ ਸਣੇ ਹੋਰ ਮੰਗਾਂ ਨੂੰ ਮੰਨਣ ਸਬੰਧੀ ਦਿੱਤੇ ਭਰੋਸੇ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਹੋਣ ਵਾਲੀ ਰੋਸ ਰੈਲੀ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ 11 ਅਗਸਤ ਤੋਂ 13 ਅਗਸਤ ਦੌਰਾਨ ਅਤੇ ਬਲਾਕ ਪੱਧਰੀ ਮੀਟਿੰਗਾਂ 18 ਅਗਸਤ ਤੋਂ 20 ਅਗਸਤ ਦੌਰਾਨ ਕੀਤੀਆਂ ਜਾਣਗੀਆਂ।