ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੇ ਗੇਟ ਬੰਦ ਕਰ ਕੇ ਪ੍ਰਦਰਸ਼ਨ
3704 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਛੇਵੇਂ ਪੰਜਾਬ ਪੇਅ ਸਕੇਲ ਹਾਸਲ ਕਰਨ ਲਈ ਉਹ ਕਾਨੂੰਨੀ ਲੜਾਈ ਲੜ ਕੇ ਜਿੱਤ ਪ੍ਰਾਪਤ ਕਰ ਚੁੱਕੇ ਹਨ ਪਰ ਇਸ ਤੋਂ ਬਾਅਦ ਵੀ ਸਿੱਖਿਆ ਵਿਭਾਗ ਛੇਵਾਂ ਪੰਜਾਬ ਪੇਅ ਸਕੇਲ ਜ਼ਮੀਨੀ ਰੂਪ ਵਿੱਚ ਪੂਰਨ ਲਾਗੂ ਕਰਨ ਲਈ ਸਪੱਸ਼ਟ ਪੱਤਰ ਜਾਰੀ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਕਾਨੂੰਨੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ 20 ਦੇ ਕਰੀਬ ਜ਼ਿਲ੍ਹਿਆਂ ਵਿੱਚ 70 ਫ਼ੀਸਦੀ ਅਧਿਆਪਕਾਂ ਦੀ ਤਨਖ਼ਾਹ ਪੰਜਾਬ ਦੇ ਚੱਲ ਰਹੇ 6ਵੇਂ ਪੇਅ ਸਕੇਲ ਅਧੀਨ ਜਾਰੀ ਹੋ ਚੁੱਕੀ ਹੈ। ਲਗਪਗ ਤਿੰਨ ਜ਼ਿਲ੍ਹੇ ਮਾਨਸਾ, ਸੰਗਰੂਰ ਅਤੇ ਬਰਨਾਲਾ ਵੱਲੋਂ ਬਣਦਾ ਲਾਭ ਜਾਰੀ ਕਰਨ ਦੀ ਥਾਂ ਅਧਿਆਪਕਾਂ ਨੂੰ ਤਨਖ਼ਾਹ ਸਬੰਧੀ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਵਿਦਿਆ ਭਵਨ ਦੇ ਬਾਹਰ ਚੱਲਦੇ ਪੱਕੇ ਧਰਨੇ ਨੂੰ ਅੱਜ 24 ਦਿਨ ਹੋ ਗਏ ਹਨ ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਆਗੂਆਂ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਅੱਜ ਆਗੂਆਂ ਦੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ, ਜਿੱਥੇ ਸ਼ਾਮ ਪੰਜ ਵਜੇ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੰਗਾਂ ਮੰਨਣ ਲਈ ਦਿੱਤੇ ਗਏ ਭਰੋਸੇ ਤੋਂ ਬਾਅਦ ਆਗੂਆਂ ਵੱਲੋਂ ਅੱਜ ਦਾ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ।