ਅਧਿਆਪਕਾਂ ਨੇ ਮੁੜ ਆਦਰਸ਼ ਸਕੂਲ ਨੂੰ ਜਿੰਦਰਾ ਲਾਇਆ
ਰਮਨਦੀਪ ਸਿੰਘ
ਰਾਮਪੁਰਾ ਫੂਲ, 27 ਮਾਰਚ
ਆਦਰਸ਼ ਸਕੂਲ ਚਾਉਕੇ ਵਿੱਚ ਚੱਲ ਰਹੇ ਧਰਨੇ ਨੂੰ ਬਠਿੰਡਾ ਪ੍ਰਸ਼ਾਸਨ ਵੱਲੋਂ ਖਦੇੜਨ ਤੋਂ ਬਾਅਦ ਅੱਜ ਫਿਰ ਧਰਨਾਕਾਰੀ ਅਧਿਆਪਕ ਭਰਾਤਰੀ ਜਥੇਬੰਦੀਆਂ ਦੀ ਮਦਦ ਨਾਲ ਸਕੂਲ ਨੂੰ ਜਿੰਦਰਾ ਲਗਾ ਕੇ ਸਕੂਲ ਦੇ ਗੇਟ ਅੱਗੇ ਧਰਨੇ ’ਤੇ ਬੈਠ ਗਏ। ਬੀਤੇ ਦਿਨ ਧਰਨਾਕਾਰੀ ਅਧਿਆਪਕਾਂ ਨੂੰ ਪੁਲੀਸ ਵੱਲੋਂ ਖਦੇੜੇ ਜਾਣ ਮਗਰੋਂ ਅੱਜ ਫਿਰ ਅਧਿਆਪਕ ਅਤੇ ਭਰਾਤਰੀ ਜਥੇਬੰਦੀਆਂ ਦੇ ਵਰਕਰ ਪਿੰਡ ਚਾਉਕੇ ਵਿੱਚ ਇਕੱਠੇ ਹੋਏ। ਉਨ੍ਹਾਂ ਕੱਲ੍ਹ ਵਾਲੀ ਕਾਰਵਾਈ ਖ਼ਿਲਾਫ਼ ਸਾਰੇ ਪਿੰਡ ਵਿੱਚ ਰੋਸ ਮਾਰਚ ਕਰਨ ਤੋਂ ਬਾਅਦ ਸਕੂਲ ਦੇ ਮੁੱਖ ਗੇਟ ਨੂੰ ਫਿਰ ਜਿੰਦਰਾ ਮਾਰ ਕੇ ਧਰਨਾ ਸ਼ੁਰੂ ਕਰ ਦਿੱਤਾ। ਅਧਿਆਪਕ ਆਗੂ ਬਲਵਿੰਦਰ ਸਿੰਘ, ਸੰਦੀਪ ਸਿੰਘ, ਪਵਨਦੀਪ ਕੌਰ ਤੇ ਨਵਨੀਤ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਰੁਜ਼ਗਾਰ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਇਹ ਆਦਰਸ਼ ਸਕੂਲ ਸਰਕਾਰ ਵੱਲੋਂ ਪ੍ਰਾਈਵੇਟ ਭਾਈਵਾਲੀ ਨਾਲ ਮਿਲ ਕੇ ਚਲਾਇਆ ਜਾ ਰਿਹਾ ਸੀ। ਸਕੂਲ ਅਧਿਆਪਕਾਂ ਨੇ ਸਕੂਲ ਮੈਨੇਜਮੈਂਟ ’ਤੇ ਕੁਝ ਅਧਿਆਪਕਾਂ ਨੂੰ ਜਬਰੀ ਹਟਾਉਣ ਅਤੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਾ ਦੇਣ ਦੇ ਦੋਸ਼ ਲਗਾਏ ਸਨ। ਉਧਰ, ਸਕੂਲ ਮੈਨੇਜਮੈੈਂਟ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਅਧਿਆਪਕਾਂ ਨੇ ਪੰਜਾਬ ਸਰਕਾਰ ’ਤੇ ਇਨਸਾਫ਼ ਦੇਣ ਦੀ ਥਾਂ ਦੂਸਰੀ ਧਿਰ ਦਾ ਪੱਖ ਪੂਰਨ ਦਾ ਦੋਸ਼ ਲਾਇਆ। ਅਧਿਆਪਕਾਂ ਨੇ ਮੰਗ ਕੀਤੀ ਕਿ ਡੀਸੀ ਬਠਿੰਡਾ ਵੱਲੋਂ ਕੀਤੀ ਇਨਕੁਆਰੀ ਦੀ ਰਿਪੋਰਟ ਸਰਕਾਰ ਜਲਦੀ ਹੀ ਜਨਤਕ ਕਰੇ। ਦੂਜੇ ਪਾਸੇ ਬੀਤੇ ਦਿਨ ਜ਼ਖਮੀ ਹੋਏ ਅਧਿਆਪਕਾਂ ਨੇ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ।
ਧਰਨਾ ਹਟਾ ਦਿੱਤਾ ਜਾਵੇਗਾ: ਥਾਣਾ ਮੁਖੀ
ਥਾਣਾ ਸਦਰ ਰਾਮਪੁਰਾ ਦੇ ਮੁਖੀ ਨੇ ਕਿਹਾ ਕਿ ਅਫ਼ਸਰਾਂ ਦੇ ਹੁਕਮ ’ਤੇ ਕੱਲ੍ਹ ਸਕੂਲ ਦਾ ਗੇਟ ਖੁਲ੍ਹਵਾ ਦਿੱਤਾ ਸੀ ਅਤੇ ਐੱਫਆਈਆਰ ਵੀ ਦਰਜ ਕਰ ਲਈ ਸੀ। ਜੇ ਅੱਜ ਅਧਿਆਪਕਾਂ ਵੱਲੋਂ ਮੁੜ ਗੇਟ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਉਸ ਨੂੰ ਵੀ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਸਕੂਲ ਨੂੰ ਜਿੰਦਰਾ ਲਗਾਉਣ ਦਾ ਅਧਿਕਾਰ ਨਹੀਂ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਰੇਸ਼ਮ ਸਿੰਘ, ਵਿਕਾਸ ਗਰਗ, ਉਗਰਾਹਾਂ ਯੂਨੀਅਨ ਦੇ ਸ਼ਿੰਗਾਰਾ ਸਿੰਘ ਮਾਨ, ਹਰਵਿੰਦਰ ਬਿੰਦੂ, ਬਲਦੇਵ ਸਿੰਘ ਚਾਉਕੇ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਿਤਪਾਲ ਸਿੰਘ ਵੱਲੋਂ ਬੀਤੇ ਦਿਨ ਵਾਲੀ ਘਟਨਾ ਦੀ ਨਿੰਦਾ ਕਰਦਿਆਂ ਸੰਘਰਸ਼ੀ ਅਧਿਆਪਕਾਂ ਦੀ ਹਮਾਇਤ ਕਰਨ ਤੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।
