ਪੈਟਰੋਲ ਦੀਆਂ ਬੋਤਲਾਂ ਨਾਲ ਛੱਤ ’ਤੇ ਚੜ੍ਹੇ ਅਧਿਆਪਕ
ਮੰਗਾਂ ਨਾ ਮੰਨਣ ’ਤੇ ਆਤਮਦਾਹ ਕਰਨ ਦੀ ਚਿਤਾਵਨੀ
Advertisement
ਪ੍ਰਸ਼ਾਸਨ ਵੱਲੋਂ ਮੰਗਾਂ ਨਾ ਮੰਨੇ ਜਾਣ ’ਤੇ ਆਦਰਸ਼ ਸਕੂਲ ਦੇ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਕੂਲ ਦੀ ਛੱਤ ’ਤੇ ਚੜ੍ਹ ਗਏ। ਅਧਿਆਪਕ ਪਵਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਵਿੱਚ ਪੜ੍ਹਾਉਂਦਿਆਂ ਨੂੰ 13 ਸਾਲ ਹੋ ਗਏ ਹਨ ਪਰ ਅੱਜ ਸਕੂਲ ਦੇ ਹਾਜ਼ਰੀ ਰਜਿਸਟਰ ਵਿੱਚ ਉਨ੍ਹਾਂ ਦਾ ਤੇ ਸਕੂਲ ਦੇ ਸੰਘਰਸ਼ੀ ਅਧਿਆਪਕਾਂ ਦਾ ਨਾਮ ਉਨ੍ਹਾਂ ਮਗਰੋਂ ਭਰਤੀ ਕੀਤੇ ਅਧਿਆਪਕਾਂ ਤੋਂ ਵੀ ਪਿੱਛੇ ਕਰ ਦਿੱਤਾ ਗਿਆ ਹੈ। ਇਸ ਨਾਲ ਉਨ੍ਹਾਂ ਦੀ ਸੀਨੀਆਰਤਾ ਅਤੇ ਤਨਖ਼ਾਹ ’ਤੇ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਖ਼ੁਦ ਨੂੰ ਅੱਗ ਲਗਾ ਲੈਣਗੇ। ਦੂਜੇ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਲ ਦੇ ਸ਼ੁਰੂ ਵਿੱਚ ਅਧਿਆਪਕਾਂ ਦੀਆਂ ਤਨਖ਼ਾਹਾਂ ਤੇ ਸਕੂਲ ਸਹੂਲਤਾਂ ਲਈ ਕਈ ਮਹੀਨੇ ਧਰਨਾ ਲਗਾ ਕੇ ਸੰਘਰਸ਼ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਮਗਰੋਂ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਮੰਨੇ ਜਾਣ ਦੇ ਵਿਸ਼ਵਾਸ ’ਤੇ ਧਰਨਾ ਖ਼ਤਮ ਕਰ ਦਿੱਤਾ ਗਿਆ। ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਨੂੰ ਸਕੂਲ ਵਿੱਚੋਂ ਕੱਢ ਹੀ ਨਾ ਦਿੱਤਾ ਜਾਵੇ।ਉਧਰ, ਸਕੂਲ ਪ੍ਰਿੰਸੀਪਲ ਗੁਰਜੀਤ ਕੌਰ ਨੇ ਕਿਹਾ ਕਿ ਪਿਛਲੀ ਮੈਨੇਜਮੈਟ ਨੇ ਇਨ੍ਹਾਂ ਅਧਿਆਪਕਾਂ ਨੂੰ ਧਰਨਾ ਦੇਣ ਸਮੇਂ ਬਰਖ਼ਾਸਤ ਕਰ ਦਿੱਤਾ ਸੀ ਫਿਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਸਕੂਲ ਵਿਚ ਨਿਯੁਕਤ ਕਰਨ ਸਮੇਂ ਸਕੂਲ ਰਜਿਸਟਰ ਵਿੱਚ ਉਸੇ ਤਰ੍ਹਾਂ ਹੀ ਨਾਮ ਪਾ ਦਿੱਤੇ ਜਿਵੇੇਂ-ਜਿਵੇਂ ਇਨ੍ਹਾਂ ਨੇ ਜੁਆਇਨ ਕੀਤਾ। ਮੌਕੇ ’ਤੇ ਪਹੁੰਚੇ ਬਠਿੰਡਾ ਦੇ ਏ ਡੀ ਸੀ ਨਰਿੰਦਰ ਧਾਲੀਵਾਲ ਨਾਲ ਅਧਿਆਪਕਾਂ ਦੀ ਗੱਲਬਾਤ ਚੱਲ ਰਹੀ ਸੀ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਫ਼ੈਸਲਾ ਨਹੀਂ ਸੀ ਹੋ ਸਕਿਆ।
Advertisement
Advertisement