ਅਧਿਆਪਕਾਂ ਵੱਲੋਂ ਕੌਮੀ ਮਾਰਗ ਜਾਮ, ਆਵਾਜਾਈ ਪ੍ਰਭਾਵਿਤ
ਰਣਜੀਤ ਸਿੰੰਘ ਸ਼ੀਤਲ
ਵੋਕੇਸ਼ਨਲ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਨੀਤੀ ਤੋਂ ਤੰਗ ਆ ਕੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਦਿੜ੍ਹਬਾ ਵਿਚਲੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪੰਜਾਬ ਭਰ ਤੋਂ ਆਏ ਅਧਿਆਪਕਾਂ ਨੇ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਪੰਜ ਘੰਟੇ ਲਗਾਤਾਰ ਧਰਨਾ ਦਿੱਤਾ ਤੇ ਇਸ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ। ਅਧਿਆਪਕਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਸੁਪਨੇ ਦਿਖਾ ਕੇ ਪੰਜਾਬ ਵਿੱਚ ਆਈ ਪਰ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਕਿਸੇ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ। ਇਸ ਦੇ ਉਲਟ ਸਰਕਾਰੀ ਸਕੂਲਾਂ ਵਿੱਚ ਲੱਗੇ 2633 ਵੋਕੇਸ਼ਨਲ ਟਰੇਨਰਾਂ ਨੂੰ ਪੱਕਾ ਕਰਨ ਦੀ ਥਾਂ ਦੁਬਾਰਾ ਤੋਂ ਆਊਟਸੋਰਸ ਕੰਪਨੀਆਂ ਦੇ ਹਵਾਲੇ ਕਰਨ ਦਾ ਮੰਦਭਾਗਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਭਗਵੰਤ ਮਾਨ ਨੇ ਸਰਕਾਰ ਬਣਨ ਤੋਂ ਪਹਿਲਾਂ ਇਹ ਵਾਅਦੇ ਕੀਤੇ ਸਨ ਕਿ ਉਨ੍ਹਾਂ ਦੀ ਸਰਕਾਰ ਆਉਂਦੇ ਹੀ ਉਹ ਪੰਜਾਬ ਦੇ ਸਾਰੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨਗੇ ਪਰ ਚਾਰ ਸਾਲ ਮਗਰੋਂ ਸਾਰੇ ਵਾਅਦੇ ਖੋਖਲੇ ਨਿਕਲੇ। ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ, ਸਿੱਖਿਆ ਬੋਰਡ ਮੁਹਾਲੀ, ਲੁਧਿਆਣਾ ਅਤੇ ਹੋਰ ਵੱਖ-ਵੱਖ ਥਾਵਾਂ ’ਤੇ ਧਰਨੇ ਦਿੱਤੇ ਗਏ ਪਰ ਸਰਕਾਰ ਨੀਂਦ ਤੋਂ ਨਾ ਜਾਗੀ। ਸਿੱਖਿਆ ਮੰਤਰੀ ਅਤੇ ਸਬ ਕਮੇਟੀ ਵੱਲੋਂ ਅਨੇਕਾਂ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਉਨ੍ਹਾਂ ਸਰਕਾਰ ਨੂੰ ਸਿੱਧੇ ਤੌਰ ’ਤੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਸਟੇਟ ਕਮੇਟੀ ਮੈਂਬਰ ਰਣਜੀਤ ਸਿੰਘ ਬਰਨਾਲਾ, ਭੁਪਿੰਦਰ ਸਿੰਘ ਰੋਪੜ, ਰਣਜੀਤ ਸਿੰਘ ਨਵਾਂਸ਼ਹਿਰ, ਗੁਰਜੀਤ ਸਿੰਘ ਬਠਿੰਡਾ, ਸੁਖਰਾਜਬੀਰ ਸਿੰਘ ਤਰਨ ਤਾਰਨ ਆਦਿ ਅਧਿਆਪਕ ਆਗੂ ਹਾਜ਼ਰ ਸਨ।
ਪੁਲੀਸ ਅਧਿਆਪਕਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ
ਜਦੋਂ ਅਧਿਆਪਕ ਸ਼ਾਮ ਤੱਕ ਮੀਂਹ ਪੈਂਦੇ ਵਿੱਚ ਵੀ ਧਰਨੇ ’ਤੇ ਡਟੇ ਰਹੇ ਤਾਂ ਟਰੈਫਿਕ ਜਾਮ ਨੂੰ ਦੇਖਦੇ ਹੋਏ ਪੁਲੀਸ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਬੱਸਾਂ ਵਿੱਚ ਲਿਜਾਇਆ ਗਿਆ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ। ਇਸ ਦੌਰਾਨ ਕਈ ਅਧਿਆਪਕਾਂ ਨੇ ਦੱਸਿਆ ਕਿ ਇਸ ਦੌਰਾਨ ਪੁਲੀਸ ਨੇ ਔਰਤਾਂ ਨੂੰ ਵੀ ਘੜੀਸਿਆ ਅਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਉਧਰ, ਵਿੱਤ ਮੰਤਰੀ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਅਧਿਆਪਕਾਂ ਨੂੰ 20 ਅਗਸਤ ਦੀ ਮੀਟਿੰਗ ਦਿੱਤੀ ਹੋਈ ਸੀ ਪਰ ਵਿੱਤ ਮੰਤਰੀ ਦੀ ਜੀਐੱਸਟੀ ਕੌਂਸਲ ਦੀ ਜ਼ਰੂਰੀ ਮੀਟਿੰਗ ਹੋਣ ਕਰਕੇ ਮੀਟਿੰਗ ਨਹੀਂ ਹੋ ਸਕੀ ਕਿਉਂਕਿ ਜ਼ਰੂਰੀ ਮੀਟਿੰਗਾਂ ਛੱਡੀਆਂ ਨਹੀਂ ਜਾ ਸਕਦੀਆਂ ਅਤੇ ਵਿੱਤ ਮੰਤਰੀ ਨੇ ਕਿਹਾ ਕਿ ਸੀ ਕਿ ਸਤੰਬਰ ਵਿੱਚ ਮੀਟਿੰਗ ਦੇ ਦਿੰਦੇ ਹਾਂ ਪਰ ਅਧਿਆਪਕ ਨਹੀਂ ਮੰਨੇ।