ਮਾਲਖਾਨੇ ’ਚ ਚੋਰੀ ਦੇ ਕੇਸ ਵਿੱਚ ਚਾਹ ਵਾਲਾ ਕਾਬੂ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸਿੱਧਵਾਂ ਬੇਟ ਦੇ ਮਾਲਖਾਨੇ ਵਿੱਚ ਨਸ਼ਾ ਤਸਕਰੀ ਤੇ ਹੋਰ ਕੇਸਾਂ ਵਿੱਚੋਂ ਮਿਲੀ ਕਰੋੜਾਂ ਰੁਪਏ ਦੀ ਰਕਮ ਖੁਰਦ-ਬੁਰਦ ਕਰਨ ਦੇ ਦੋਸ਼ਾਂ ਹੇਠ ਮੁਨਸ਼ੀ ਗੁਰਦਾਸ ਸਿੰਘ ਨੂੰ ਪੁਲੀਸ ਨੇ ਹਫ਼ਤਾ ਪਹਿਲਾਂ ਗ੍ਰਿਫ਼ਤਾਰ ਕਰ ਕੇ ਰਿਮਾਂਡ ਹਾਸਲ ਕੀਤਾ ਸੀ। ਇਸ ਕੇਸ ਵਿੱਚ ਪੜਤਾਲ ਮਗਰੋਂ ਹੁਣ ਪੁਲੀਸ ਨੇ ਥਾਣਾ ਸਿੱਧਵਾਂ ਬੇਟ ਨੇੜੇ ਚਾਹ ਦੀ ਦੁਕਾਨ ਕਰਨ ਵਾਲੇ ਮੰਗੂ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਛੇ ਲੱਖ ਰੁਪਏ ਬਰਾਮਦ ਹੋਏ ਹਨ। ਪੁਲੀਸ ਨੇ ਮੰਗੂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ ਦੋ ਰੋਜ਼ਾ ਰਿਮਾਂਡ ਲਿਆ ਹੈ। ਪੁਲੀਸ ਅਨੁਸਾਰ ਮੰਗੂ ਕੋਲੋਂ ਮਾਲਖਾਨੇ ਵਿੱਚੋਂ ਗਾਇਬ ਹੋਏ 1.25 ਕਰੋੜ ਰੁਪਏ ਦੇ ਮਾਮਲੇ ਵਿੱਚ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਕੇਸ ਦੇ ਜਾਂਚ ਅਧਿਕਾਰੀਆਂ ਅਨੁਸਾਰ ਹਿਰਾਸਤ ਵਿੱਚ ਲਿਆ ਗੁਰਦਾਸ ਸਿੰਘ ਮਾਲਖਾਨੇ ਵਿੱਚੋਂ ਸੀਲਾਂ ਲੱਗੇ ਡੱਬਿਆਂ ਵਿੱਚੋਂ ਪੈਸੇ ਕੱਢ ਕੇ ਮੰਗੂ ਨੂੰ ਫੜਾ ਦਿੰਦਾ ਸੀ। ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੰਗੂ ਕੋਲੋਂ ਛੇ ਲੱਖ ਰੁਪਏ ਬਰਾਮਦ ਹੋਏ ਹਨ। ਚਾਹ ਵਾਲੇ ਦਾ ਅਸਲ ਨਾਮ ਮਨੋਜ ਕੁਮਾਰ ਉਰਫ ਮੰਗੂ ਹੈ, ਜੋ ਸਿੱਧਵਾਂ ਬੇਟ ਦਾ ਵਾਲਾ ਹੈ। ਮੰਗੂ ਨੂੰ 21 ਨਵੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
