ਤਰਨ ਤਾਰਨ ਜ਼ਿਮਨੀ ਚੋਣ: ਅਕਾਲੀ ਦਲ ਦੇ ਵਰਕਰਾਂ ’ਤੇ FIRs ਮਾਮਲੇ ’ਚ ਚੋਣ ਕਮਿਸ਼ਨ ਵੱਲੋਂ ਡੀਜੀਪੀ ਪੰਜਾਬ ਨੂੰ ਸੰਮਨ
ਭਾਰਤੀ ਚੋਣ ਕਮਿਸ਼ਨ (ECI) ਨੇ ਤਰਨ ਤਾਰਨ ਜ਼ਿਮਨੀ ਚੋਣ ਮੁਹਿੰਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਰੁੱਧ ਦਰਜ ਕੀਤੀਆਂ ਗਈਆਂ ਨੌਂ FIRs ਦੇ ਸਬੰਧ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (DGP) ਨੂੰ 25 ਨਵੰਬਰ ਨੂੰ ਤਲਬ ਕੀਤਾ ਹੈ।
‘ਟ੍ਰਿਬਿਊਨ ਸਮੂਹ’ ਨੂੰ ਸੂਤਰਾਂ ਨੇ ਦੱਸਿਆ ਕਿ ਇਹ ਸੰਮਨ ਕਮਿਸ਼ਨ ਵੱਲੋਂ 13 ਨਵੰਬਰ ਭਾਵ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਇੱਕ ਦਿਨ ਪਹਿਲਾਂ, ਡੀਜੀਪੀ ਵੱਲੋਂ ਸੌਂਪੀ ਗਈ ਰਿਪੋਰਟ ਦੀ ਸਮੀਖਿਆ ਤੋਂ ਬਾਅਦ ਜਾਰੀ ਕੀਤੇ ਗਏ ਹਨ।
ਤਰਨ ਤਾਰਨ ਹਲਕੇ ਲਈ ਚੋਣ ਅਬਜ਼ਰਵਰ ਉੜੀਸਾ ਕੇਡਰ ਦੀ ਆਈਪੀਐੱਸ ਅਧਿਕਾਰੀ ਸ਼ਾਇਨੀ ਐੱਸ ਦੀ ਇੱਕ ਵੱਖਰੀ ਰਿਪੋਰਟ ਵਿੱਚ ਕਥਿਤ ਤੌਰ ’ਤੇ ਸਾਬਕਾ ਐੱਸਐੱਸਪੀ ਨੂੰ ਗ੍ਰਿਫ਼ਤਾਰੀਆਂ ਵਿੱਚ ਘੇਰਿਆ ਗਿਆ ਹੈ। ਇਸ ਰਿਪੋਰਟ ਵਿੱਚ ਜ਼ਿਲ੍ਹਿਆਂ ਵਿੱਚ ਤਾਲਮੇਲ ਵਾਲੀਆਂ ਐਫਆਈਆਰ’ਜ਼ ਅਤੇ ਪੁਲੀਸ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਐੱਫਆਈਆਰ ਦਰਜ ਹੋਣ ਅਤੇ ਗ੍ਰਿਫ਼ਤਾਰੀਆਂ ਦੇ ਵਿਚਕਾਰ ਨਾਕਾਫ਼ੀ ਸਮੇਂ ਨੂੰ ਉਜਾਗਰ ਕੀਤਾ ਗਿਆ ਹੈ।
ਰਿਪੋਰਟ ਵਿੱਚ ਚੋਣਾਂ ਦੇ ਦੌਰਾਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਿਰਪੱਖਤਾ ਬਾਰੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ।
ਨੌਂ ਐਫਆਈਆਰਾਂ ਵਿੱਚੋਂ ਚਾਰ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਛੇ ਨੂੰ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਕਥਿਤ ਨਿਸ਼ਾਨਾ ਬਣਾਉਣ ਦਾ ਇਹ ਮੁੱਦਾ ਸ਼੍ਰੋਮਣੀ ਅਕਾਲੀ ਦਲ ਨੇ ਈਸੀਆਈ ਅੱਗੇ ਉਠਾਇਆ ਸੀ।
ਇਸ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ (CEO) ਪੰਜਾਬ ਨੇ ਡੀਆਈਜੀ ਫ਼ਿਰੋਜ਼ਪੁਰ ਰੇਂਜ ਤੋਂ ਜਵਾਬ ਮੰਗਿਆ ਸੀ, ਜਿਨ੍ਹਾਂ ਨੇ ਸਾਬਕਾ ਐੱਸਐੱਸਪੀ ਰਵਜੋਤ ਕੌਰ ਨੂੰ ਬਰੀ ਕਰਦਿਆਂ ਕਿਹਾ ਸੀ ਕਿ ਗ੍ਰਿਫ਼ਤਾਰੀਆਂ ਚੱਲ ਰਹੀਆਂ ਜਾਂਚਾਂ ਦਾ ਹਿੱਸਾ ਹਨ। ਇਸ ਤੋਂ ਬਾਅਦ ਈਸੀਆਈ ਨੇ ਸੀਈਓ ਸਿਬਿਨ ਸੀ ਨੂੰ ਇਹ ਮਾਮਲਾ ਦੁਬਾਰਾ ਡੀਜੀਪੀ ਕੋਲ ਉਠਾਉਣ ਦੇ ਨਿਰਦੇਸ਼ ਦਿੱਤੇ।
