ਤਰਨ ਤਾਰਨ ਜ਼ਿਮਨੀ ਚੋਣ: ਮੁੱਖ ਮੰਤਰੀ ਮਾਨ ਦੀ ਜਨਤਾ ਨੂੰ ਅਪੀਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨ ਤਾਰਨ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਸੋਚ-ਸਮਝ ਕੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ‘ਝੂਠ’ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਵੀ ਦਿੱਤੀ।
ਸੰਬੋਧਨ ਕਰਦਿਆਂ ਮਾਨ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਨੌਜਵਾਨਾਂ ਨੂੰ ‘ਗੈਂਗਸਟਰਾਂ’ ਵੱਲ ਧੱਕਿਆ ਅਤੇ ਲੋਕਾਂ ਨੂੰ ‘ਝੂਠੀਆਂ ਐਫਆਈਆਰਾਂ’ ਨਾਲ ਡਰਾਇਆ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਇੱਕ ਵੀ ਝੂਠਾ ਕੇਸ ਦਰਜ ਨਹੀਂ ਹੋਇਆ।
ਮਾਨ ਨੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ, “ ਕੀ ਕਿਸੇ ਨੇ ਉਨ੍ਹਾਂ ਨੂੰ ਬਿਜਲੀ, ਸਕੂਲ, ਹਸਪਤਾਲ ਜਾਂ ਸੜਕਾਂ ਬਾਰੇ ਗੱਲ ਕਰਦੇ ਸੁਣਿਆ? ਅਸੀਂ 75 ਸਾਲਾਂ ਦੀ ਅਵਿਵਸਥਾ ਤੋਂ ਬਾਅਦ ਪੰਜਾਬ ਨੂੰ ਪਟੜੀ ’ਤੇ ਲਿਆਂਦਾ।
ਆਪ ਉਮੀਦਵਾਰ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ, “ਅਗਲੇ ਡੇਢ ਸਾਲ ਲਈ ਤੁਸੀਂ ਤਰਨ ਤਾਰਨ ਦੀ ਕਿਸਮਤ ਤੈਅ ਕਰੋਗੇ। 14 ਨਵੰਬਰ ਨੂੰ ਵੋਟਿੰਗ ਮਸ਼ੀਨਾਂ ਦੱਸਣਗੀਆਂ ਕਿ ਲੋਕ ਸਭ ਤੋਂ ਵੱਧ ਕਿਸ ’ਤੇ ਭਰੋਸਾ ਕਰਦੇ ਹਨ।”
ਮਾਨ ਨੇ ਵਿਰੋਧੀਆਂ ਦੇ ‘ਝੂਠ’ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਅਤੇ ਕਿਹਾ, “ ਉਹ ਆਪਣੀਆਂ ‘ਸ਼ਾਨਦਾਰ ਕੁਰਸੀਆਂ’ ਵਾਪਸ ਪਾਉਣ ਲਈ ਬੇਚੈਨ ਹਨ। ਉਹ ਇਸ ਨੂੰ 2027 ਦਾ ਸੈਮੀਫਾਈਨਲ ਕਹਿ ਰਹੇ ਹਨ, ਪਰ ਇਹ ਕੋਈ ਖੇਡ ਨਹੀਂ, ਇਹ ਸੱਚਾਈ ਅਤੇ ਵਿਕਾਸ ਦੀ ਵੋਟ ਹੈ।”
ਦੱਸ ਦਈਏ ਕਿ ਆਪ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਜੂਨ ਵਿੱਚ ਮੌਤ ਤੋਂ ਬਾਅਦ ਤਰਨ ਤਾਰਨ ਸੀਟ ਖਾਲੀ ਹੋਈ ਸੀ। 11 ਨਵੰਬਰ ਨੂੰ ਚੋਣ ਹੋਵੇਗੀ ਅਤੇ 14 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
