ਤਪਾ: ਕਾਰਾਂ ਦੀ ਟੱਕਰ ’ਚ ਦੋ ਹਲਾਕ
ਇਥੇ ਤਪਾ-ਆਲੀਕੇ ਲਿੰਕ ਰੋਡ ’ਤੇ ਦੋ ਕਾਰਾਂ ਦੀ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਰੋਹਿਤ ਕੁਮਾਰ ਅਤੇ ਰਮਨਦੀਪ ਭੁੱਲਰ ਵਜੋਂ ਹੋਈ ਹੈ। ਰਿਟਜ਼ ਕਾਰ ਭਦੌੜ ਤੋਂ ਤਪਾ ਵੱਲ ਆ ਰਹੀ ਸੀ, ਜਦੋਂ ਕਾਰ ਸਵਾਰ ਦਰਾਜ ਨੂੰ ਜਾਂਦੀ ਸੜਕ ਦੇ ਚੌਕ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਵਰਨਾ ਕਾਰ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਦੋਵੇਂ ਕਾਰਾਂ ਵਿੱਚ ਦੋ-ਦੋ ਵਿਅਕਤੀ ਸਵਾਰ ਸਨ। ਇਸ ਹਾਦਸੇ ਵਿੱਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਦੋਵੇਂ ਕਾਰਾਂ ’ਚ ਸਵਾਰ ਚਾਰ ਜਣੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਸ ਦੌਰਾਨ ਡੀ ਐੱਸ ਪੀ ਤਪਾ ਗੁਰਬਿੰਦਰ ਸਿੰਘ ਅਤੇ ਥਾਣਾ ਮੁਖੀ ਸ਼ਰੀਫ਼ ਖ਼ਾਨ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਤਪਾ ਵਿੱਚ ਦਾਖ਼ਲ ਕਰਵਾਇਆ, ਜਿੱਥੇ ਰਿਟਜ਼ ਕਾਰ ਸਵਾਰ ਰੋਹਿਤ ਕੁਮਾਰ ਅਤੇ ਰਮਨਦੀਪ ਭੁੱਲਰ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਡੀ ਐੱਸ ਪੀ ਨੇ ਦੱਸਿਆ ਕਿ ਪੜਤਾਲ ਮਗਰੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਗੱਡੀ ਵਿੱਚੋਂ ਮਿਲੇ ਨਸ਼ੀਲੇ ਪਦਾਰਥਾਂ ਸਬੰਧੀ ਵੀ ਜਾਂਚ ਜਾਰੀ ਹੈ।
