ਖ਼ਰੀਦ ’ਤੇ ਸ਼ੱਕ: ਤਿੰਨ ਜ਼ਿਲ੍ਹਿਆਂ ਵਿੱਚ ਝੋਨੇ ਦੀ ਖ਼ਰੀਦ ਰੋਕੀ
ਪੰਜਾਬ ਸਰਕਾਰ ਨੇ ਹੜ੍ਹਾਂ ਦੀ ਲਪੇਟ ’ਚ ਆਏ ਜ਼ਿਲ੍ਹਾ ਫ਼ਾਜ਼ਿਲਕਾ, ਅੰਮ੍ਰਿਤਸਰ ਅਤੇ ਤਰਨ ਤਾਰਨ ਵਿੱਚ ਝੋਨੇ ਦੀ ਖ਼ਰੀਦ ’ਤੇ ਰੋਕ ਲਾ ਦਿੱਤੀ ਹੈ, ਜਦਕਿ ਬਾਸਮਤੀ ਦੀ ਖ਼ਰੀਦ ’ਤੇ ਪਾਬੰਦੀ ਨਹੀਂ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨ ਜ਼ਿਲ੍ਹਿਆਂ ’ਚ ਹੜ੍ਹਾਂ ਕਾਰਨ ਫ਼ਸਲ ਤਬਾਹ ਹੋਣ ਦੇ ਬਾਵਜੂਦ ਝੋਨੇ ਦੀ ਖ਼ਰੀਦ ਪਿਛਲੇ ਸਾਲ ਦੇ ਬਰਾਬਰ ਪੁੱਜ ਗਈ ਹੈ। ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਖ਼ੁਰਾਕ ਅਤੇ ਸਪਲਾਈ ਵਿਭਾਗ ਨੇ ਤਿੰਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸਾਨਾਂ ਦੀ ਜ਼ਮੀਨ ਦੀ ਮਾਲਕੀ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਸ਼ਰਤਾਂ ਨਾਲ ਝੋਨੇ ਦੀ ਖ਼ਰੀਦ ਕੀਤੀ ਜਾਵੇ ਤਾਂ ਜੋ ਇਸ ਗੱਲ ਦੀ ਪੁਸ਼ਟੀ ਹੋ ਸਕੇ ਕਿ ਮੰਡੀ ਵਿੱਚ ਲਿਆਂਦਾ ਝੋਨਾ ਕਿਸਾਨ ਦੀ ਆਪਣੀ ਪੈਦਾਵਾਰ ਹੈ। ਸਰਕਾਰ ਨੂੰ ਸ਼ੱਕ ਹੈ ਕਿ ਕਿਤੇ ਬਾਹਰੀ ਸੂਬਿਆਂ ’ਚੋਂ ਝੋਨਾ ਲਿਆ ਕੇ ਸਥਾਨਕ ਮੰਡੀਆਂ ’ਚ ਤਾਂ ਨਹੀਂ ਵੇਚਿਆ ਗਿਆ। ਕੁਝ ਜ਼ਿਲ੍ਹਿਆਂ ’ਚ ਬਾਹਰੋਂ ਆਇਆ ਝੋਨਾ ਸਰਕਾਰ ਨੇ ਫੜਿਆ ਵੀ ਹੈ ਅਤੇ ਪੁਲੀਸ ਕੇਸ ਵੀ ਦਰਜ ਕਰਵਾਏ ਹਨ।
ਅੰਮ੍ਰਿਤਸਰ ਜ਼ਿਲ੍ਹੇ ’ਚ ਪਿਛਲੇ ਸਾਲ 3.02 ਲੱਖ ਟਨ ਝੋਨਾ ਖ਼ਰੀਦਿਆ ਗਿਆ ਸੀ ਜਦਕਿ ਇਸ ਸਾਲ ਹੁਣ ਤੱਕ 2.98 ਲੱਖ ਟਨ ਖ਼ਰੀਦਿਆ ਗਿਆ ਹੈ। ਜ਼ਿਲ੍ਹਾ ਤਰਨ ਤਾਰਨ ’ਚ ਪਿਛਲੇ ਸਾਲ 9.29 ਲੱਖ ਟਨ ਝੋਨੇ ਦੀ ਖ਼ਰੀਦ ਹੋਈ ਸੀ ਅਤੇ ਐਤਕੀਂ ਹੁਣ ਤੱਕ 9.02 ਲੱਖ ਟਨ ਝੋਨਾ ਖ਼ਰੀਦਿਆ ਜਾ ਚੁੱਕਿਆ ਹੈ। ਇਸੇ ਤਰ੍ਹਾਂ ਫ਼ਾਜ਼ਿਲਕਾ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 2.14 ਲੱਖ ਟਨ ਝੋਨਾ ਖ਼ਰੀਦਿਆ ਗਿਆ ਹੈ। ਖੇਤੀਬਾੜੀ ਮਹਿਕਮੇ ਦੇ ਅੰਕੜਿਆਂ ਅਨੁਸਾਰ ਹੜ੍ਹਾਂ ਕਾਰਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ 61,256 ਏਕੜ, ਤਰਨ ਤਾਰਨ ਵਿੱਚ 23,308 ਏਕੜ ਅਤੇ ਫ਼ਾਜ਼ਿਲਕਾ ਵਿੱਚ 33,123 ਏਕੜ ਝੋਨੇ ਦੀ ਫ਼ਸਲ ਤਬਾਹ ਹੋਈ। ਏਨਾ ਰਕਬਾ ਘਟਣ ਦੇ ਬਾਵਜੂਦ ਇਨ੍ਹਾਂ ਜ਼ਿਲ੍ਹਿਆਂ ’ਚ ਫ਼ਸਲ ਦੀ ਆਮਦ ’ਚ ਕੋਈ ਕਟੌਤੀ ਨਹੀਂ ਹੋਈ ਹੈ। ਰਾਜਸਥਾਨ ਤੋਂ ਫ਼ਾਜ਼ਿਲਕਾ ਦੀਆਂ ਮੰਡੀਆਂ ਵਿੱਚ ਸਸਤੇ ਗੈਰ-ਬਾਸਮਤੀ ਝੋਨੇ ਦੀ ਤਸਕਰੀ ਹੋਈ ਹੈ, ਜਿਸ ਦੀ ਪੈਦਾਵਾਰ ਜ਼ਿਲ੍ਹਾ ਫ਼ਾਜ਼ਿਲਕਾ ’ਚ ਹੀ ਦਿਖਾਈ ਗਈ ਹੈ। ਇਸ ਬਾਹਰੋਂ ਆਈ ਫ਼ਸਲ ਨੂੰ ਸਥਾਨਕ ਮੰਡੀਆਂ ’ਚ 2389 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਿਆ ਗਿਆ।
ਤਰਨ ਤਾਰਨ ਅਤੇ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਇੱਥੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਕੋਲ ਆਪਣੀ ਨਵੀਂ ਦਲੀਲ ਪੇਸ਼ ਕੀਤੀ ਹੈ ਕਿ ਹੜ੍ਹਾਂ ਵਿੱਚ ਫ਼ਸਲਾਂ ਦੇ ਨੁਕਸਾਨ ਦੇ ਬਾਵਜੂਦ ਝੋਨੇ ਦੀ ਖ਼ਰੀਦ ਵਿੱਚ ਵਾਧੇ ਦਾ ਕਾਰਨ ਕਿਸਾਨਾਂ ਵੱਲੋਂ ਇਸ ਸਾਲ ਬਾਸਮਤੀ ਦੀ ਕਾਸ਼ਤ ਤੋਂ ਗੈਰ-ਬਾਸਮਤੀ ਝੋਨੇ ਦੀ ਪੈਦਾਵਾਰ ਵੱਲ ਰੁਖ਼ ਕਰਨਾ ਹੈ। ਇਹ ਵੀ ਕਿਹਾ ਕਿ ਪਿਛਲੇ ਸਾਲ ਬਾਸਮਤੀ ਦੀ ਕਿਸਾਨਾਂ ਨੂੰ ਚੰਗੀ ਕੀਮਤ ਨਹੀਂ ਮਿਲੀ ਸੀ। ਇਸ ਲਈ ਕਿਸਾਨਾਂ ਦਾ ਰੁਝਾਨ ਐਤਕੀਂ ਗੈਰ-ਬਾਸਮਤੀ ਝੋਨੇ ਵੱਲ ਹੋ ਗਿਆ। ਮਹਿਕਮੇ ਨੇ ਹੁਣ ਬਾਸਮਤੀ ਝੋਨੇ ਦੇ ਰਕਬੇ ਅਤੇ ਪੈਦਾਵਾਰ ਦਾ ਵੇਰਵਾ ਵੀ ਮੰਗਿਆ ਹੈ।
