ਪੁਲੀਸ ਮੁਕਾਬਲੇ ’ਚ ਮਸ਼ਕੂਕ ਦੇ ਗੋਲੀ ਵੱਜੀ
ਥਾਣਾ ਸਿੱਧਵਾਂ ਬੇਟ ਦੇ ਖੇਤਰ ਵਿੱਚ ਹੋਏ ਪੁਲੀਸ ਮੁਕਾਬਲੇ ’ਚ ਮਸ਼ਕੂਕ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸਿੱਧਵਾਂ ਬੇਟ ਨੇੜਲੇ ਪਿੰਡਾਂ ’ਚ ਕੁਝ ਸ਼ੱਕੀ ਕਾਰ ਸਵਾਰ ਘੁੰਮ ਰਹੇ ਹਨ। ਇਸ ’ਤੇ ਐੱਸਪੀ (ਡੀ) ਹਰਕਮਲ ਕੌਰ, ਡੀਐੱਸਪੀ ਇੰਦਰਜੀਤ ਸਿੰਘ ਬੋਪਾਰਾਏ, ਡੀਐੱਸਪੀ ਜਸਯਜੋਤ ਸਿੰਘ ਥਾਣਾ ਸਿੱਧਵਾਂ ਬੇਟ ਅਤੇ ਸੀਆਈਏ ਦੀਆਂ ਟੀਮਾਂ ਗਸ਼ਤ ’ਤੇ ਨਿਕਲੀਆਂ। ਪੁਲੀਸ ਜਦੋਂ ਪਿੰਡ ਜੰਡੀ ਦੇ ਕੱਚੇ ਰਸਤੇ ’ਤੇ ਜਾ ਰਹੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਦਾ ਸੰਤੁਲਨ ਵਿਗੜਣ ਕਾਰਨ ਉਹ ਦਰੱਖਤ ਨਾਲ ਟਕਰਾ ਗਈ। ਗੱਡੀ ’ਚੋਂ ਉੱਤਰੇ ਹਥਿਆਰਬੰਦ ਵਿਅਕਤੀ ਨੇ ਪੁਲੀਸ ਪਾਰਟੀ ਵੱਲ ਗੋਲੀ ਚਲਾ ਦਿੱਤੀ ਜੋ ਮੁਲਾਜ਼ਮ ਦੀ ਪੱਗ ’ਚ ਲੱਗੀ। ਪੁਲੀਸ ਵੱਲੋਂ ਜਵਾਬੀ ਕਾਰਵਾਈ ’ਚ ਚਲਾਈ ਗੋਲੀ ਮੁਲਜ਼ਮ ਦੀ ਲੱਤ ’ਚ ਲੱਗੀ। ਉਸ ਦੀ ਪਛਾਣ ਅਮਜਦ ਮਸੀਹ (22) ਪਿੰਡ ਕਾਕਾ ਕੰਡਿਆਲਾ (ਤਰਨ ਤਾਰਨ) ਵਜੋਂ ਹੋਈ ਹੈ। ਪੁਲੀਸ ਨੇ ਉਸ ਦੇ ਚਾਰ ਸਾਥੀਆਂ ਮਨਪ੍ਰੀਤ ਸਿੰਘ (20), ਸਾਜਨ, ਬਲਰਾਜ ਸਿੰਘ (22) ਤੇ ਨਾਬਾਗਲ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, ਕਾਰਤੂਸ ਅਤੇ ਇੱਕ ਹੱਥ ਗੋਲਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਕੋਈ ਅਣਪਛਾਤਾ ਵਿਅਕਤੀ ਸਨੈਪਚੈਟ ਰਾਹੀਂ ਨਿਰਦੇਸ਼ ਦੇ ਰਿਹਾ ਸੀ। ਉਸ ਦੀ ਵੀ ਜਾਂਚ ਸ਼ੁਰੂ ਕੀਤੀ ਗਈ ਹੈ।