ਮੀਂਹ ਕਾਰਨ ਡਿੱਗੇ ਮਕਾਨਾਂ ਦਾ ਸਰਵੇਖਣ ਸ਼ੁਰੂ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਪੀ ਡਬਲਿਊ ਡੀ ਦੇ ਐੱਸਡੀਓ ਅਤੇ ਜੇਈ ਪੱਧਰ ਦੇ ਅਧਿਕਾਰੀਆਂ ਨੂੰ ਪ੍ਰਭਾਵਿਤ ਪਿੰਡਾਂ ਅਤੇ ਸ਼ਹਿਰਾਂ ਦਾ ਦੌਰਾ ਕਰਨ ਵਾਸਤੇ ਨਿਯੁਕਤ ਕੀਤਾ ਗਿਆ। ਅਧਿਕਾਰੀਆਂ ਦੀ ਗਿਣਤੀ ਘੱਟ ਹੋਣ ਦੀ ਸੂਰਤ ’ਚ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਵੀ ਨਿਯੁਕਤੀ ਕੀਤੀ ਜਾ ਸਕਦੀ ਹੈ। ਹੁਕਮਾਂ ਅਨੁਸਾਰ ਇਹ ਵਿਧੀ ਸ਼ਹਿਰੀ ਇਲਾਕਿਆਂ ’ਚ ਮਿਉਂਸਿਪਲ ਕਾਰਪੋਰੇਸ਼ਨ ਅਤੇ ਮਿਉਂਸਿਪਲ ਕਮੇਟੀ ਵੱਲੋਂ ਕੀਤੀ ਜਾਵੇਗੀ। ਇਹ ਸਾਰਾ ਕੰਮ 14 ਦਿਨਾਂ ’ਚ ਮੁਕੰਮਲ ਕੀਤਾ ਜਾਵੇਗਾ। ਇਨ੍ਹਾਂ ਅਧਿਕਾਰੀਆਂ ਵੱਲੋਂ ਕੀਤੇ ਮੁਲਾਂਕਣ ਦੀ ਜਾਂਚ ਐਕਸੀਅਨ ਵੱਲੋਂ ਕੀਤੀ ਜਾਵੇਗੀ। ਜੇ ਮੁਲਾਂਕਣ ਰਿਪੋਰਟ ’ਚ ਜ਼ਿਆਦਾ ਖ਼ਾਮੀਆਂ ਪਾਈਆਂ ਜਾਂਦੀਆਂ ਹਨ ਤਾਂ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤੇ ਮੁਲਾਂਕਣ ਨਵੇਂ ਸਿਰੇ ਤੋਂ ਕੀਤਾ ਜਾਵੇਗਾ। ਮੁਲਾਂਕਣ ਖਰੜਾ ਰਿਪੋਰਟ ਹਫ਼ਤੇ ਲਈ ਆਮ ਲੋਕਾਂ ਦੇ ਇਤਰਾਜ਼ ਅਤੇ ਸ਼ਿਕਾਇਤਾਂ ਵਾਸਤੇ ਜਨਤਕ ਕੀਤੀ ਜਾਵੇਗੀ। ਡੀ ਸੀ ਵੱਲੋਂ ਮੁਲਾਂਕਣ ਖਰੜਾ ਰਿਪੋਰਟ ਪ੍ਰਵਾਨ ਕਰਨ ਉਪਰੰਤ ਇਸ ਵਾਸਤੇ ਸਰਕਾਰ ਤੋਂ ਲੋੜੀਂਦੇ ਫੰਡਾਂ ਦੀ ਮੰਗ ਕੀਤੀ ਜਾਵੇਗੀ ਜਿਸ ਦਾ ਫ਼ੈਸਲਾ ਤਿੰਨ ਦਿਨਾਂ ’ਚ ਲਿਆ ਜਾਵੇਗਾ।