ਰਾਜੋਆਣਾ ਦੀ ਫਾਂਸੀ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ’ਚ ਫਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੇ ਕੇਸ ਦੇ ਜਲਦੀ ਨਿਬੇੜੇ ਲਈ ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ’ਤੇ ਭਲਕੇ 15 ਅਕਤੂਬਰ ਨੂੰ ਸੁਣਵਾਈ ਹੋਣੀ ਹੈ। 31 ਅਗਸਤ 1995 ਨੂੰ ਵਾਪਰੇ ਇਸ ਕਤਲ ਕਾਂਡ ’ਚ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਨੂੰ 2007 ’ਚ ਫਾਂਸੀ ਦੀ ਸਜ਼ਾ ਹੋਈ ਸੀ ਪਰ ਉਪਰਲੀ ਅਦਾਲਤ ’ਚ ਪਹੁੰਚ ਕਰਨ ’ਤੇ ਹਵਾਰਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਹੋ ਗਈ ਸੀ ਜਦਕਿ ਰਾਜੋਆਣਾ ਵੱਲੋਂ ਕੋਈ ਕਾਨੂੰਨੀ ਚਾਰਾਜੋਈ ਨਾ ਕਰਨ ਕਰ ਕੇ ਫਾਂਸੀ ਦੀ ਸਜ਼ਾ ਬਰਕਰਾਰ ਰਹੀ। ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦੇਣ ਲਈ ਦਿਨ ਮੁਕੱਰਰ ਕੀਤਾ ਗਿਆ ਸੀ ਪਰ ਸ਼੍ਰੋਮਣੀ ਕਮੇਟੀ ਵੱੱਲੋਂ ਰਹਿਮ ਦੀ ਅਪੀਲ ਦਾਇਰ ਕਰਨ ’ਤੇ ਤਤਕਾਲੀ ਰਾਸ਼ਟਰਪਤੀ ਨੇ ਫਾਂਸੀ ਤੋਂ ਤਿੰਨ ਦਿਨ ਪਹਿਲਾਂ ਫਾਂਸੀ ’ਤੇ ਰੋਕ ਲਾ ਦਿੱਤੀ ਸੀ। ਇਸ ਸਬੰਧੀ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਮਾਮਲੇ ’ਚ ਸੁਪਰੀਮ ਕੋਰਟ ਨੇ ਕੇਂਦਰ ਦੇ ਵਕੀਲ ਨੂੰ ਜਦੋਂ ਫਾਂਸੀ ਦੇ ਮਾਮਲੇ ’ਚ ਦੇਰ ਬਾਰੇ ਪੁੱਛਿਆ ਤਾਂ ਵਕੀਲ ਨੇ ਜਵਾਬ ਦੇਣ ਲਈ 15 ਅਕਤੂਬਰ ਤੱਕ ਦਾ ਸਮਾਂ ਮੰੰਗਿਆ ਸੀ।
ਫ਼ੈਸਲੇ ਦੇ ਮੱਦੇਨਜ਼ਰ ਸੂਬੇ ’ਚ ਸਖ਼ਤ ਸੁਰੱਖਿਆ ਪ੍ਰਬੰਧ
ਰਾਜੋਆਣਾ ਦੀ ਫਾਂਸੀ ਬਾਰੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫਵਾਹਾਂ ਤੋਂ ਸੁਰੱਖਿਆ ਏਜੰਸੀਆਂ ਵੀ ਫਿਕਰਮੰਦ ਹਨ। ਸੁਰੱਖਿਆ ਏਜੰਸੀਆਂ ਨੂੰ ਖਦਸ਼ਾ ਹੈ ਕਿ ਅਜਿਹੇ ਮੌਕੇ ਦਾ ਕੋਈ ਸ਼ਰਾਰਤੀ ਅਨਸਰ ਨਾਜਾਇਜ਼ ਫਾਇਦਾ ਚੁੱਕ ਸਕਦਾ ਹੈ। ਇਸ ਲਈ ਸੂਬੇ ਵਿੱਚ ਵਿਆਪਕ ਚੌਕਸੀ ਰੱਖੀ ਜਾ ਰਹੀ ਹੈ। ਇਸ ਦੌਰਾਨ ਕੁਝ ਸੰਵੇਦਨਸ਼ੀਲ ਥਾਵਾਂ ’ਤੇ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਹੈ। ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਲੋਕਾਂ ਨੂੰ ਅਫਵਾਹਾਂ ਵੱਧ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਫਵਾਹ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।