ਹੜ੍ਹ ਪੀੜਤਾਂ ਦੀ ਸਾਰ: ਆਣ ਖੜ੍ਹੇ ਖਿਡਾਰੀ ਤੇ ਕਲਾਕਾਰ
ਆਤਿਸ਼ ਗੁਪਤਾ
ਪੰਜਾਬ ਦੇ ਬਾਰ੍ਹਾਂ ਜ਼ਿਲ੍ਹਿਆਂ ਦੇ 1400 ਦੇ ਕਰੀਬ ਪਿੰਡਾਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਇਸ ਦੌਰਾਨ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨਾਲ-ਨਾਲ ਪੰਜਾਬ ਦੇ ਕਲਾਕਾਰ ਅਤੇ ਖਿਡਾਰੀ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।
ਹੜ੍ਹ ਪ੍ਰਭਾਵਿਚ ਇਲਾਕੇ ਦੇ ਲੋਕਾਂ ਦੀ ਮਦਦ ਕਰਦਿਆਂ ਦਿਲਜੀਤ ਦੋਸਾਂਝ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਦਸ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਿਆ ਹੈ। ਐਮੀ ਵਿਰਕ ਨੇ ਹੜ੍ਹਾਂ ਵਿੱਚ ਝੰਬੇ 200 ਘਰਾਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਕਰਨ ਔਜਲਾ ਨੇ 27 ਕਿਸ਼ਤੀਆਂ ਭੇਜੀਆਂ ਹਨ। ਇਸ ਦੁੱਖ ਦੀ ਘੜੀ ਵਿੱਚ ਪ੍ਰਸਿੱਧ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ, ਦਿਲਜੀਤ ਦੋਸਾਂਝ, ਜਸਬੀਰ ਜੱਸੀ, ਗੁਰਦਾਸ ਮਾਨ, ਰੇਸ਼ਮ ਸਿੰਘ ਅਨਮੋਲ, ਐਮੀ ਵਿਰਕ, ਬੱਬੂ ਮਾਨ, ਰਣਜੀਤ ਬਾਵਾ, ਕਪਿਲ ਸ਼ਰਮਾ, ਰੈਪਰ ਬਾਦਸ਼ਾਹ, ਜਿੰਮੀ ਸ਼ੇਰਗਿੱਲ, ਗਾਇਕ ਮੀਕਾ, ਤਰਸੇਮ ਜੱਸੜ, ਗੁਰੂ ਰੰਧਾਵਾ, ਏ ਪੀ ਢਿੱਲੋਂ, ਅਦਾਕਾਰਾ ਸੋਨਮ ਬਾਜਵਾ ਸਣੇ ਕਈ ਹੋਰਨਾਂ ਨੇ ਅੱਗੇ ਵਧ ਕੇ ਹੜ੍ਹ ਪੀੜਤਾਂ ਦੀ ਬਾਂਹ ਫੜੀ ਹੈ। ਇਸ ਦੇ ਨਾਲ ਹੀ ਕ੍ਰਿਕਟੇਰ ਯੁਵਰਾਜ ਸਿੰਘ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਪ੍ਰਸਿੱਧ ਗਾਇਕ ਤੇ ਅਦਾਕਾਰ ਜਸਬੀਰ ਜੱਸੀ, ਰੇਸ਼ਮ ਸਿੰਘ ਅਨਮੋਲ, ਜੱਸ ਬਾਜਵਾ ਤੇ ਹੋਰ ਕਈ ਕਲਾਕਾਰ ਨਿੱਜੀ ਤੌਰ ’ਤੇ ਆਪਣੀਆਂ ਟੀਮਾਂ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਇਸ ਤੋਂ ਇਲਾਵਾ ਟੋਕੀਓ ਓਲੰਪਿਕਸ ਦੇ ਮੈਡਲਿਸਟ ਰੁਪਿੰਦਰ ਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਅਤੇ ਹੋਰ ਕਈ ਖਿਡਾਰੀ ਵੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦਦ ਵਿੱਚ ਜੁਟੇ ਹਨ। ਜਦੋਂ ਕਿ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚ 25 ਲੱਖ ਰੁਪਏ ਦਿੱਤੇ ਗਏ ਹਨ।