ਪੰਥਕ ਸ਼ਕਤੀ ਨੂੰ ਤਾਰਪੀਡੋ ਕਰਨਾ ਚਾਹੁੰਦੈ ਸੁਖਬੀਰ: ਚੰਦੂਮਾਜਰਾ
ਗੁਰਨਾਮ ਸਿੰਘ ਅਕੀਦਾ
ਨਵੇਂ ਤੇ ਪੁਰਾਣੇ ਅਕਾਲੀ ਦਲਾਂ ’ਚ ਵਿਵਾਦ ਵਧਦਾ ਜਾ ਰਿਹਾ ਹੈ। ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਧੜੇ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਦੀਆਂ ਘਟਨਾਵਾਂ ਨੂੰ 2 ਦਸੰਬਰ 2024 ਤੋਂ ਪਹਿਲਾਂ ਦੀਆਂ ਘਟਨਾਵਾਂ ਦਰਸਾਉਣਾ ਇਕਜੁੱਟ ਹੋ ਰਹੀ ਪੰਥਕ ਸ਼ਕਤੀ ਨੂੰ ਤਾਰਪੀਡੋ ਕਰਨ ਦੀ ਵੱਡੀ ਸਾਜ਼ਿਸ਼ ਹੈ।
ਚੰਦੂਮਾਜਰਾ ਨੇ ਕਿਹਾ ਕਿ ਸੁਖਬੀਰ, ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮ ਵਿੱਚ ਆਪਣੇ ਧੜੇ ਵੱਲੋਂ ਕੀਤੀਆਂ ਕਥਿਤ ਗਲਤੀਆਂ ’ਤੇ ਪਰਦਾ ਪਾਉਣਾ ਚਾਹੁੰਦੇ ਹਨ। ਅਕਾਲੀ ਦਲ ਬਾਦਲ ਦੇ ਆਗੂਆਂ ਨੇ ਦੋਸ਼ ਲਾਏ ਸਨ ਕਿ ਚੰਦੂਮਾਜਰਾ ਨੇ ਲੌਂਗੋਵਾਲ ਦੀ ਰੈਲੀ ’ਚ ਢੀਂਡਸਾ ਦੇ ਘਰ ਹੋਈ ਮੀਟਿੰਗ ਬਾਰੇ ਖ਼ੁਲਾਸਾ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਚੰਦੂਮਾਜਰਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਗੈਰ ਤੇ ਕੁਰਸੀਆਂ ’ਤੇ ਬੈਠ ਕੇ ਸੰਤ ਲੌਂਗੋਵਾਲ ਦੀ ਬਰਸੀ ਮਨਾਉਣਾ ਅਕਾਲੀ ਸਿਧਾਂਤਾਂ ਦੇ ਉਲਟ ਹੈ ਜਦ ਕਿ ਲੌਂਗੋਵਾਲ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਹਨ। ਉਨ੍ਹਾਂ ਕਿਹਾ, ‘ਸੁਖਬੀਰ ਬਾਦਲ ਧੜੇ ਦੇ ਆਗੂਆਂ ਵੱਲੋਂ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਜਾਣ-ਬੁੱਝ ਕੇ ਉਨ੍ਹਾਂ (ਚੰਦੂਮਾਜਰਾ) ਦੇ ਭਾਸ਼ਣ ਦੇ ਗ਼ਲਤ ਮਤਲਬ ਕੱਢੇ ਜਾ ਰਹੇ ਹਨ।’ ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੰਤ ਲੌਂਗੋਵਾਲ ਦੇ ਬਰਸੀ ਸਮਾਗਮ ’ਤੇ ਹੋਏ ਲਾਮਿਸਾਲ ਇਕੱਠ ਤੋਂ ਸੁਖਬੀਰ ਧੜਾ ਵਿਚ ਘਬਰਾ ਕੇ ਗਲਤ ਬਿਆਨਬਾਜ਼ੀ ਕਰ ਰਹੇ ਹਨ।