ਸੁਖਬੀਰ ਆਪਣੇ ਲੰਮੇ ਸ਼ਾਸਨ ਦੀ ਕੋਈ ਪ੍ਰਾਪਤੀ ਤਾਂ ਗਿਣਾਉਣ: ਮੁੱਖ ਮੰਤਰੀ
ਗੁਰਦੀਪ ਸਿੰਘ ਲਾਲੀ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਵਿਚ ਆਪਣੇ ਲੰਮੇ ਸ਼ਾਸਨ ਦੀ ਇੱਕ ਵੀ ਪ੍ਰਾਪਤੀ ਗਿਣਾਉਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ 2007 ਤੋਂ 2017 ਦੇ ਸਮੇਂ ਨੂੰ ਸੂਬੇ ਦਾ ਸਭ ਤੋਂ ਕਾਲਾ ਦੌਰ ਕਰਾਰ ਦਿੰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਟਰਾਂਸਪੋਰਟ, ਕੇਬਲ, ਰੇਤ, ਨਸ਼ਾ ਅਤੇ ਹੋਰ ਮਾਫੀਆ ਨੇ ਸੂਬੇ ਵਿੱਚ ਆਪਣੇ ਪੈਰ ਪਸਾਰੇ। ਉਨ੍ਹਾਂ ਬਾਦਲਾਂ ’ਤੇ ਸੂਬੇ ਨੂੰ ਰਾਜਸੀ, ਆਰਥਿਕ ਅਤੇ ਧਾਰਮਿਕ ਤੌਰ ’ਤੇ ਬਰਬਾਦ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇੱਥੋਂ ਦੇ ਇਕ ਪੈਲੇਸ ਵਿੱਚ ਲੋਕ ਮਿਲਣੀ ਸਮਾਗਮ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਬਾਦਲਾਂ ਨੇ ਸੂਬੇ ਅਤੇ ਇਸ ਦੇ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਸਿਰਫ਼ ਆਪਣੇ ਕਾਰੋਬਾਰ ਵਧਾਉਣ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਘਿਨਾਉਣੇ ਅਪਰਾਧਾਂ ਲਈ ਜ਼ਿੰਮੇਵਾਰ ਆਗੂਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਰਿਹਾ ਹੈ। ਨਾਭਾ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਦੀ ਹਮਾਇਤ ਕਰ ਰਹੀਆਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਖੁੱਲ੍ਹ ਕੇ ਉਸ ਦੀ ਹਮਾਇਤ ਵਿੱਚ ਬੋਲ ਰਹੇ ਹਨ। ਸ੍ਰੀ ਮਾਨ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕਰਨ ਕਿ ਉਹ ਨਸ਼ਾ ਤਸਕਰਾਂ ਦੇ ਨਾਲ ਹਨ ਜਾਂ ਉਨ੍ਹਾਂ ਦੇ ਵਿਰੁੱਧ ਹਨ।
ਸੰਗਰੂਰ ਵਿੱਚ ਜਲਦੀ ਹੋਮਿਓਪੈਥੀ ਕਾਲਜ ਬਣਾਉਣ ਦਾ ਐਲਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੰਗਰੂਰ ’ਚ ਜਲਦ ਹੋਮਿਓਪੈਥੀ ਕਾਲਜ ਬਣੇਗਾ ਜਿਸ ਸਬੰਧੀ ਕੇਂਦਰ ਸਰਕਾਰ ਵੱਲੋਂ ਪੱਤਰ ਭੇਜਿਆ ਗਿਆ ਹੈ। ਸੰਗਰੂਰ ’ਚ ਹੋਮਿਓਪੈਥੀ ਕਾਲਜ ਬਣਾਉਣ ਦੀ ਮੰਗ ਉਨ੍ਹਾਂ ਐੱਮਪੀ ਹੁੰਦਿਆਂ ਸੰਸਦ ਵਿਚ ਉਠਾਈ ਸੀ ਅਤੇ ਹੁਣ ਕੇਂਦਰ ਵੱਲੋਂ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਸਾਡੇ ਕੋਲ ਹੋਮਿਓਪੈਥੀ ਕਾਲਜ ਲਈ ਜ਼ਮੀਨ ਮੌਜੂਦ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਤਾਂ ਪਹਿਲਾਂ ਹੀ ਬਣ ਰਿਹਾ ਹੈ ਅਤੇ ਹੁਣ ਹੋਮਿਓਪੈਥੀ ਕਾਲਜ ਵੀ ਜਲਦ ਬਣੇਗਾ।