ਸੁਖਬੀਰ ਬਾਦਲ ਵੱਲੋਂ ਗਿੱਦੜਬਾਹਾ ਤੋਂ ਚੋਣ ਲੜਨ ਦਾ ਸੰਕੇਤ
ਅੱਜ ਇਥੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹੁਸਨਰ ਚੌਕ ਵਿਖੇ ਸ਼੍ੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਹਾਜ਼ਰੀਨ ਨੂੰ ਸ੍ਰੀ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਦੇ ਲੋਕ ਆਪਣੇ ਆਪ ਨੂੰ ਲਾਵਾਰਸ ਨਾ ਸਮਝਣ। ਗਿੱਦੜਬਾਹਾ ਤੋਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਜ਼ਰੂਰ ਚੋਣ ਲੜੇਗਾ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਹ ਗਿੱਦੜਬਾਹਾ ਤੋਂ ਖੁਦ ਚੋਣ ਲੜਣਗੇ ਪਰ ਲੋਕ ਆਪਣਾ ਮਨ ਬਣਾ ਲੈਣ ਕਿਉਂਕਿ ਗਿੱਦੜਬਾਹਾ ਦੀ ਵਾਗਡੋਰ ਅਕਾਲੀ ਦਲ ਦੇ ਵਰਕਰਾਂ ਨੂੰ ਖੁਦ ਸੰਭਾਲਣੀ ਪਵੇਗੀ ਕਿਉਂਕਿ ਉਨ੍ਹਾਂ ਨੂੰ ਪੂਰੇ ਪੰਜਾਬ ਵਿਚ ਅਕਾਲੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਜਾਣਾ ਪਵੇਗਾ। ਇਸ ’ਤੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਛੱਡ ਕੇ ਆਪ ਵਿਚ ਗਏ ਕੁਝ ਲੀਡਰ ਅਕਾਲੀ ਦਲ ਵਿਚ ਵਾਪਸ ਆਉਣ ਦੀਆਂ ਗੱਲਾਂ ਕਰਦੇ ਹਨ ਪਰ ਉਹ ਇਕ ਗੱਲ ਸਾਫ ਕਰ ਦੇਣਾ ਚਾਹੁੰਦੇ ਹਨ ਕਿ ਆਪ ਵਿਚ ਗਿਆ ਕੋਈ ਵੀ ਲੀਡਰ ਅਕਾਲੀ ਦਲ ਵਿਚ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰਾ ਸਿਆਸੀ ਕਰੀਅਰ ਗਿੱਦੜਬਾਹਾ ਹਲਕੇ ਤੋਂ ਹੀ ਸ਼ੁਰੂ ਹੋਇਆ ਸੀ ਅਤੇ ਪੂਰੇ ਬਾਦਲ ਪਰਿਵਾਰ ਦਾ ਗਿੱਦੜਬਾਹਾ ਨਾਲ ਵਿਸ਼ੇਸ਼ ਰਿਸ਼ਤਾ ਹੈ, ਜਿੰਨਾ ਵੀ ਇਸ ਹਲਕੇ ਦਾ ਵਿਕਾਸ ਹੋਇਆ ਹੈ, ਉਹ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਹੈ। ਪੰਜਾਬ ਵਿਚ ਪਿੰਡ-ਪਿੰਡ ਬਣੀਆਂ ਸੜਕਾਂ, ਗਲੀਆਂ ਤੇ ਨਾਲੀਆਂ ਇੱਥੋਂ ਤੱਕ ਕੱਸੀਆਂ ਸਭ ਅਕਾਲੀ ਸਰਕਾਰਾਂ ਦੀ ਦੇਣ ਹਨ, ਜਦੋਂਕਿ ਹੋਰ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਵਿਕਾਸ ਵੱਲ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਹਲਕਾ ਵੱਡੇ ਬਾਦਲ ਸਾਹਿਬ ਦਾ ਸੀ ਅਤੇ ਉਨ੍ਹਾਂ ਦਾ ਹੀ ਰਹੇਗਾ।
