ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖ਼ੁਦਕੁਸ਼ੀ ਮਾਮਲਾ: ਐਕਸ਼ਨ ਕਮੇਟੀ ਵੱਲੋਂ ਗੁਰੂਹਰਸਹਾਏ ਬੰਦ ਦਾ ਐਲਾਨ

ਵਿਧਾਇਕ ਫੌਜਾ ਸਿੰਘ ਸਰਾਰੀ ਤੇ ਪੀਏ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ; ਰਾਜ਼ੀਨਾਮੇ ਲਈ ਦਬਾਅ ਪਾਉਣ ਦੇ ਦੋਸ਼
Advertisement

ਸੰਜੀਵ ਹਾਂਡਾ

ਫ਼ਿਰੋਜ਼ਪੁਰ, 25 ਜੂਨ

Advertisement

ਗੁਰੂਹਰਸਹਾਏ ਦੇ ਪਿੰਡ ਤਰਿੱਡਾ ਦੇ ਸਰਪੰਚ ਜਸ਼ਨਪ੍ਰੀਤ ਬਾਵਾ ਖ਼ੁਦਕੁਸ਼ੀ ਮਾਮਲੇ ਵਿੱਚ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਪੀਏ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਪਰਿਵਾਰ ਅਤੇ ਐਕਸ਼ਨ ਕਮੇਟੀ ਦੇ ਆਗੂਆਂ ਨੇ 5 ਜੁਲਾਈ ਨੂੰ ਰੋਸ ਵਜੋਂ ਗੁਰੂਹਰਸਹਾਏ ਬੰਦ ਕਰਨ ਦਾ ਐਲਾਨ ਕੀਤਾ ਹੈ।

ਫ਼ਿਰੋਜ਼ਪੁਰ ਵਿੱਚ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਪਰਿਵਾਰ ਨੇ ਇੱਕ ਵਾਰ ਫ਼ਿਰ ਸਿੱਧੇ ਤੌਰ ’ਤੇ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਪੀਏ ਨੂੰ ਜਸ਼ਨ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ, ਜਦਕਿ ਪੁਲੀਸ ’ਤੇ ਮੁਲਜ਼ਮਾਂ ਨੂੰ ਬਚਾਉਣ ਅਤੇ ਪਰਿਵਾਰ ’ਤੇ ਰਾਜ਼ੀਨਾਮੇ ਲਈ ਦਬਾਅ ਪਾਉਣ ਦੇ ਗੰਭੀਰ ਇਲਜ਼ਾਮ ਲਾਏ।

ਜਸ਼ਨ ਬਾਵਾ ਦੇ ਪਿਤਾ ਤਰਸੇਮ ਬਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਸਰਪੰਚੀ ਚੋਣਾਂ ਸਮੇਂ ਤੋਂ ਹੀ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਸਰਪੰਚੀ ਲਈ ਵਿਧਾਇਕ ਅਤੇ ਉਸ ਦੇ ਪੀਏ ਵੱਲੋਂ ਜਸ਼ਨ ਕੋਲੋਂ 12 ਲੱਖ ਰੁਪਏ ਲਏ ਗਏ, ਜਿੱਤਣ ਤੋਂ ਬਾਅਦ ਸਰਟੀਫਿਕੇਟ ਲਈ 3 ਲੱਖ ਅਤੇ ਪੰਚਾਇਤੀ ਜ਼ਮੀਨ ਦੀ ਬੋਲੀ ਲਈ 2 ਲੱਖ ਰੁਪਏ ਹੋਰ ਲਏ ਗਏ। ਇਸ ਤੋਂ ਬਾਅਦ ਵੀ ਲਗਾਤਾਰ ਪੈਸੇ ਦੀ ਮੰਗ ਅਤੇ ਧਮਕੀਆਂ ਜਾਰੀ ਸਨ ਕਿ ਉਸ ਨੂੰ ਸਰਪੰਚੀ ਤੋਂ ਲਾਹ ਦਿੱਤਾ ਜਾਵੇਗਾ ਅਤੇ ਝੂਠੇ ਪਰਚੇ ਦਰਜ ਕਰਵਾਏ ਜਾਣਗੇ। ਤਰਸੇਮ ਬਾਵਾ ਅਨੁਸਾਰ ਇਸੇ ਦਬਾਅ ਕਾਰਨ ਜਸ਼ਨ ਨੇ 31 ਮਈ ਨੂੰ ਆਪਣੇ ਘਰ ’ਚ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦੌਰਾਨ ਐਕਸ਼ਨ ਕਮੇਟੀ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਰਾਜ਼ੀਨਾਮੇ ਦੀਆਂ ਸਾਰੀਆਂ ਅਫ਼ਵਾਹਾਂ ਝੂਠੀਆਂ ਹਨ ਅਤੇ ਉਹ ਉਦੋਂ ਤੱਕ ਚੁੱਪ ਨਹੀਂ ਬੈਠਣਗੇ ਜਦੋਂ ਤੱਕ ਮੁਲਜ਼ਮਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ। ਐਕਸ਼ਨ ਕਮੇਟੀ ਨੇ 5 ਜੁਲਾਈ ਨੂੰ ਗੁਰੂਹਰਸਹਾਏ ਬੰਦ ਦਾ ਸੱਦਾ ਦਿੱਤਾ ਹੈ।

ਮੇਰੇ ’ਤੇ ਲਾਏ ਦੋਸ਼ ਬੇਬੁਨਿਆਦ: ਸਰਾਰੀ

ਵਿਧਾਇਕ ਫੌਜਾ ਸਿੰਘ ਸਰਾਰੀ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਤੇ ਆਖਿਆ ਕਿ ਕੁਝ ਲੋਕ ਪਰਿਵਾਰ ਨੂੰ ਗੁੰਮਰਾਹ ਕਰਕੇ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪੁਲੀਸ ਇਸ ਮਾਮਲੇ ਦੀ ਨਿਰਪੱਖ ਜਾਂਚ ਕਰ ਰਹੀ ਹੈ।

Advertisement