ਗੋਲੀ ਲੱਗਣ ਕਾਰਨ ਸਬ ਇੰਸਪੈਕਟਰ ਦੀ ਮੌਤ
ਸਰਬਜੀਤ ਸਿੰਘ ਭੰਗੂ
ਪੁਲੀਸ ਲਾਈਨ ਪਟਿਆਲਾ ਵਿੱਚ ਪਰਿਵਾਰ ਸਣੇ ਰਹਿ ਰਹੇ ਪੰਜਾਬ ਪੁਲੀਸ ਦੇ ਸਬ ਇੰਸਪੈਕਟਰ ਕੁਲਵੰਤ ਸਿੰਘ (55) ਦੀ ਉਸ ਦੇ ਹੀ ਸਰਕਾਰੀ ਪਿਸਤੌਲ ਵਿੱਚੋਂ ਚੱਲੀ ਗੋਲੀ ਕਾਰਨ ਮੌਤ ਹੋ ਗਈ। ਕੁਲਵੰਤ ਸਿੰਘ ਭਾਵੇਂ ਜ਼ਿਲ੍ਹਾ ਸੰਗਰੂਰ ਦੇ ਸ਼ੇਰਪੁਰ ਖੇਤਰ ਦਾ ਵਾਸੀ ਸੀ ਪਰ ਉਹ ਪਿਛਲੇ ਸਮੇਂ ਤੋਂ ਪਤਨੀ ਤੇ ਧੀ ਸਣੇ ਪੁਲੀਸ ਲਾਈਨ ਪਟਿਆਲਾ ਵਿੱਚ ਸਰਕਾਰੀ ਕੁਆਰਟਰ ਵਿੱਚ ਰਹਿ ਰਿਹਾ ਸੀ। ਮ੍ਰਿਤਕ ਦੇ ਚਾਚੇ ਤੇ ਸੇਵਾਮੁਕਤ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਜਦੋਂ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ’ਤੇ ਡਿਊਟੀ ਤੋਂ ਵਿਹਲਾ ਹੋ ਕੇ ਦੇਰ ਸ਼ਾਮੀ ਉਹ ਆਪਣਾ ਹਥਿਆਰ ਜਮ੍ਹਾਂ ਕਰਵਾਉਣ ਲੱਗਿਆ ਤਾਂ ਉਸ ਵਿੱਚੋਂ ਅਚਾਨਕ ਚੱਲੀ ਗੋਲੀ ਉਸ ਦੀ ਗਰਦਨ ’ਤੇ ਲੱਗੀ, ਜੋ ਉਸ ਲਈ ਜਾਨਲੇਵਾ ਸਾਬਤ ਹੋਈ। ਬਲਦੇਵ ਸਿੰਘ ਨੇ ਸਪੱਸ਼ਟ ਕੀਤਾ ਕਿ ਇਹ ਘਟਨਾ ਅਚਾਨਕ ਵਾਪਰੀ। ਉਧਰ, ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਮੁਢਲੀ ਰਿਪੋਰਟ ਅਨੁਸਾਰ ਭਾਵੇਂ ਇਹ ਅਚਾਨਕ ਵਾਪਰੀ ਘਟਨਾ ਹੈ ਪਰ ਫਿਰ ਵੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।