ਜ਼ਹਿਰੀਲੀ ਦਵਾਈ ਨਿਗਲਣ ਵਾਲੇ ਵਿਦਿਆਰਥੀ ਨੇ ਦਮ ਤੋੜਿਆ
ਪਰਿਵਾਰ ਵੱਲੋਂ ਇਨਸਾਫ਼ ਲਈ ਕੌਮੀ ਮਾਰਗ ਜਾਮ; ਪੁਲੀਸ ਵੱਲੋਂ ਪ੍ਰਿੰਸੀਪਲ ਸਣੇ ਛੇ ਅਧਿਆਪਕਾਂ ਖ਼ਿਲਾਫ਼ ਕੇਸ
Advertisement
ਇੱਥੋਂ ਨੇੜਲੇ ਪਿੰਡ ਕਮਾਲਕੇ ਸਕੂਲ ਦੇ ਵਿਦਿਆਰਥੀ ਜਸ਼ਨਦੀਪ ਸਿੰਘ, ਜਿਸ ਨੇ ਅਧਿਆਪਕਾਂ ਦੀ ਕੁੱਟਮਾਰ ਤੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਹੋ ਕੇ 23 ਅਗਸਤ ਨੂੰ ਜ਼ਹਿਰ ਨਿਗਲ ਲਈ ਸੀ, ਨੇ ਅੱਜ ਤੜਕੇ ਦਮ ਤੋੜ ਦਿੱਤਾ ਹੈ। ਇਸ ਮਗਰੋਂ ਪੀੜਤ ਪਰਿਵਾਰ ਨੇ ਪੁਲੀਸ ’ਤੇ ਢਿੱਲੀ ਕਾਰਵਾਈ ਦਾ ਦੋਸ਼ ਲਾਉਂਦਿਆਂ ਇਨਸਾਫ਼ ਲਈ ਅੱਜ ਮੋਗਾ-ਜਲੰਧਰ ਹਾਈਵੇਅ ’ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਆਲ ਇੰਡੀਆ ਰਾਏ ਸਿੱਖ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਤੇ ਸੂਬਾ ਉਪ ਪ੍ਰਧਾਨ ਜਸਬੀਰ ਸਿੰਘ ਵੜਵਲ ਸਾਥੀਆਂ ਸਣੇ ਪ੍ਰਦਰਸ਼ਨ ’ਚ ਸ਼ਾਮਲ ਹੋਏ। ਪੁਲੀਸ ਨੇ ਪ੍ਰਿੰਸੀਪਲ ਸਣੇ ਛੇ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।ਜ਼ਿਕਰਯੋਗ ਹੈ ਕਿ ਜਸ਼ਨਦੀਪ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਬਾਅਦ 17 ਸਤੰਬਰ ਨੂੰ ਏਮਜ਼, ਬਠਿੰਡਾ ਦੇ ਡਾਕਟਰਾਂ ਨੇ ਉਸ ਨੂੰ ਘਰ ਲਿਜਾਣ ਦੀ ਸਲਾਹ ਦਿੱਤੀ ਸੀ। ਮ੍ਰਿਤਕ ਦੇ ਪਿਤਾ ਕੁਲਵਿੰਦਰ ਸਿੰਘ ਵਾਸੀ ਠੂਠਗੜ੍ਹ ਨੇ ਦੋਸ਼ ਲਾਏ ਸਨ ਕਿ ਜਸ਼ਨਦੀਪ ਨੂੰ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸਣੇ ਅੱਧੀ ਦਰਜਨ ਅਧਿਆਪਕਾਂ ਨੇ ਕੁੱਟਿਆ ਤੇ ਜ਼ਲੀਲ ਕੀਤਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਕੀਟਨਾਸ਼ਕ ਦਵਾਈ ਨਿਗਲ ਲਈ ਸੀ। ਦੂਜੇ ਪਾਸੇ, ਅਧਿਆਪਕਾਂ ਨੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਸੀ। ਮਾਮਲਾ ਭਖਣ ’ਤੇ ਸਾਰੇ ਅਧਿਆਪਕ ਮੈਡੀਕਲ ਛੁੱਟੀ ’ਤੇ ਚਲੇ ਗਏ ਸਨ।
ਡੀ ਐੱਸ ਪੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਐੱਫ ਆਈ ਆਰ ’ਚ ਸਕੂਲ ਪ੍ਰਿੰਸੀਪਲ ਸੁਰਿੰਦਰਪਾਲ ਸਿੰਘ, ਅਧਿਆਪਕ ਹਰਦੀਪ ਸਿੰਘ, ਕਾਲੂ ਰਾਮ, ਨੈਨਸਨ ਕੌੜਾ, ਜੋਤੀ ਅਤੇ ਰਜਿੰਦਰ ਕੌਰ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।
Advertisement
Advertisement