ਕੀਟਨਾਸ਼ਕ ਨਿਗਲਣ ਵਾਲੇ ਵਿਦਿਆਰਥੀ ਨੇ ਦਮ ਤੋੜਿਆ, ਪਰਿਵਾਰ ਨੇ ਮੋਗਾ-ਜਲੰਧਰ ਹਾਈਵੇ ਜਾਮ ਕੀਤਾ
ਕੀਟਨਾਸ਼ਕ ਦਵਾਈ ਨਿਗਲਣ ਵਾਲੇ ਵਿਦਿਆਰਥੀ ਨੇ ਅੱਜ ਤੜਕਸਾਰ ਦਮ ਤੋੜ ਦਿੱਤਾ। ਪਿਛਲੇ 25 ਦਿਨਾਂ ਦੌਰਾਨ ਵੱਖ ਵੱਖ ਹਸਪਤਾਲਾਂ ਵਿੱਚ ਉਸ ਦਾ ਇਲਾਜ ਚਲਦਾ ਰਿਹਾ ਸੀ। ਏਮਜ਼ ਹਸਪਤਾਲ ਬਠਿੰਡਾ ਦੇ ਡਾਕਟਰਾਂ ਨੇ ਪਰਿਵਾਰ ਨੂੰ 17 ਸਤੰਬਰ ਨੂੰ ਉਹਨੂੰ ਘਰ ਲੈ ਕੇ ਜਾਣ ਦੀ ਸਲਾਹ ਦਿੱਤੀ ਸੀ। ਉਸ ਦਿਨ ਤੋਂ ਹੀ ਉਹ ਬਣਾਉਟੀ ਸਾਹ ਪ੍ਰਣਾਲੀ ਉੱਤੇ ਸੀ। ਅੱਜ ਤੜਕਸਾਰ ਤਿੰਨ ਵਜੇ ਉਸ ਨੇ ਆਖ਼ਰੀ ਸਾਹ ਲਿਆ।
ਜਸ਼ਨਦੀਪ ਦੀ ਮੌਤ ਮਗਰੋਂ ਰੋਹ ਵਿਚ ਆਏ ਪੀੜਤ ਪਰਿਵਾਰ ਨੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਮੋਗਾ-ਜਲੰਧਰ ਹਾਈਵੇ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਧਰਮਕੋਟ ਦੇ ਡੀਐੱਸਪੀ ਜਸਵਰਿੰਦਰ ਸਿੰਘ ਨੇ ਮੌਕੇ ਉੱਤੇ ਪੁੱਜ ਕੇ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦਿਵਾ ਕੇ ਜਾਮ ਖੁਲਵਾਇਆ। ਇਸ ਮੌਕੇ ਆਲ ਇੰਡੀਆ ਰਾਏ ਸਿੱਖ ਫਾਉਂਡੇਸ਼ਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਆਪਣੇ ਸਾਥੀਆਂ ਸਮੇਤ ਉੱਥੇ ਪੁੱਜੇ ਹੋਏ ਸਨ।
ਪੁਲੀਸ ਨੇ ਸਕੂਲ ਪ੍ਰਿੰਸੀਪਲ ਸੁਰਿੰਦਰਪਾਲ ਸਿੰਘ ਸਮੇਤ ਪੰਜ ਅਧਿਆਪਕਾਂ ਹਰਦੀਪ ਸਿੰਘ, ਕਾਲੂ ਰਾਮ, ਨੈਲਸਨ ਕੌੜਾ, ਜੋਤੀ ਅਤੇ ਰਜਿੰਦਰ ਕੌਰ ਖਿਲਾਫ਼ ਕੇਸ ਦਰਜ ਲਿਆ ਹੈ। ਇਸ ਮਗਰੋਂ ਪਰਿਵਾਰ ਜਸ਼ਨਦੀਪ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਿਆ।
ਜ਼ਿਕਰਯੋਗ ਹੈ ਕਿ 23 ਅਗਸਤ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਕੇ ਦੇ ਉਕਤ ਵਿਦਿਆਰਥੀ ਜਸ਼ਨਦੀਪ ਸਿੰਘ ਦੀ ਅਧਿਆਪਕਾ ਵਲੋਂ ਕੀਤੀ ਗਈ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੋਸ਼ ਲਗਾਏ ਸਨ ਕਿ ਜਸ਼ਨਦੀਪ ਸਿੰਘ ਨਾਲ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸਮੇਤ ਅੱਧੀ ਦਰਜਨ ਅਧਿਆਪਕਾਂ ਨੇ ਕੁੱਟਮਾਰ ਕੀਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਜਲੀਲ ਕੀਤਾ ਸੀ। ਜਸ਼ਨਦੀਪ ਨੇ ਘਰ ਆ ਕੇ ਕੀਟਨਾਸ਼ਕ ਦਵਾਈ ਨਿਗਲ ਲਈ ਸੀ।
ਦੂਜੇ ਪਾਸੇ ਅਧਿਆਪਕ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਆ ਰਹੇ ਹਨ। ਇਸ ਮਾਮਲੇ ਦੀ ਪੁਲੀਸ ਜਾਂਚ ਵੀ ਚੱਲ ਰਹੀ ਹੈ। ਮਾਮਲਾ ਭੱਖ ਜਾਣ ਤੋਂ ਬਾਅਦ ਸਕੂਲ ਦੇ ਉਕਤ ਸਾਰੇ ਅਧਿਆਪਕ ਮੈਡੀਕਲ ਛੁੱਟੀ ’ਤੇ ਚਲੇ ਗਏ ਹਨ। ਲੜਕੇ ਦੇ ਪਿਤਾ ਨੇ ਪੁਲੀਸ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਹੈ ਕਿ ਮੌਤ ਦੇ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਉਧਰ ਆਲ ਇੰਡੀਆ ਰਾਏ ਸਿੱਖ ਫਾਉਂਡੇਸ਼ਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਰਾਰੀ, ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਵੜਵਲ ਅਤੇ ਜਨਰਲ ਸਕੱਤਰ ਗੁਰਚਰਨ ਸਿੰਘ ਵੜਵਲ ਨੇ ਕਿਹਾ ਹੈ ਕਿ ਸਕੂਲਾਂ ਵਿੱਚ ਜਾਤੀਵਾਦ ਦੇ ਵਖਰੇਵੇਂ ਅਜੇ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਪੀੜਤ ਪਰਿਵਾਰ ਨਾਲ ਖੜ੍ਹੀ ਹੈ। ਉਧਰ ਸੁਰੱਖਿਅਤ ਵਿਵਸਥਾ ਲਈ ਪੁਲੀਸ ਵੀ ਮ੍ਰਿਤਕ ਵਿਦਿਆਰਥੀ ਦੇ ਪਿੰਡ ਪਹੁੰਚ ਗਈ ਹੈ।