ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਾਲੀ ਪ੍ਰਬੰਧਨ: ਫ਼ਿਰੋਜ਼ਪੁਰ ਜ਼ਿਲ੍ਹੇ ’ਚੋਂ 5600 ਖੇਤੀ ਮਸ਼ੀਨਾਂ ਗ਼ਾਇਬ

ਡੀਸੀ ਦੀ ਪੜਤਾਲ ਮਗਰੋਂ ਜ਼ਿਲ੍ਹਾ ਖੇਤੀ ਅਫ਼ਸਰ ਚਾਰਜਸ਼ੀਟ; ਗੁਰੂ ਹਰਸਹਾਏ ਦਾ ਖੇਤੀ ਅਫ਼ਸਰ ਮੁਅੱਤਲ
Advertisement
ਫ਼ਿਰੋਜ਼ਪੁਰ ਜ਼ਿਲ੍ਹੇ ’ਚ ਕਰੀਬ 5600 ਖੇਤੀ ਮਸ਼ੀਨਾਂ ਗ਼ਾਇਬ ਹਨ ਜਿਨ੍ਹਾਂ ਨੂੰ ਪਰਾਲੀ ਪ੍ਰਬੰਧਨ ਲਈ ਖ਼ਰੀਦਣ ਵਾਸਤੇ ਸਬਸਿਡੀ ਦਿੱਤੀ ਗਈ ਸੀ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਜਦੋਂ ਪੜਤਾਲ ਮਗਰੋਂ ਇਸ ਦੀ ਰਿਪੋਰਟ ਖੇਤੀ ਤੇ ਕਿਸਾਨ ਭਲਾਈ ਵਿਭਾਗ ਨੂੰ ਭੇਜੀ ਗਈ ਤਾਂ ਮਹਿਕਮੇ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਗੁਰੂ ਹਰਸਹਾਏ ਦੇ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਅਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ ਸਿੱਧੂ ਨੂੰ ਚਾਰਜਸ਼ੀਟ ਜਾਰੀ ਕਰ ਦਿੱਤੀ। ਖੇਤੀ ਮਹਿਕਮੇ ਨੇ ਕੁਝ ਸਮੇਂ ਤੋਂ ਖੇਤੀ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਵੀ ਸ਼ੁਰੂ ਕੀਤੀ ਹੈ।

ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ 24 ਜੁਲਾਈ ਨੂੰ ਖੇਤੀ ਮਹਿਕਮੇ ਨੂੰ ਰਿਪੋਰਟ ਭੇਜੀ ਗਈ ਸੀ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਹੁਣ ਤੱਕ ਪਰਾਲੀ ਪ੍ਰਬੰਧਨ ਵਾਸਤੇ 12,452 ਖੇਤੀ ਮਸ਼ੀਨਾਂ ਦੀ ਖ਼ਰੀਦ ਕੀਤੀ ਗਈ ਹੈ ਜਿਨ੍ਹਾਂ ’ਚੋਂ 6852 ਮਸ਼ੀਨਾਂ ਹੀ ਚਾਲੂ ਹਾਲਤ ਵਿੱਚ ਹਨ ਜਦਕਿ ਬਾਕੀ 5600 ਖੇਤੀ ਮਸ਼ੀਨਾਂ ਦੀ ਸਥਿਤੀ ਦੱਸਣ ’ਚ ਮਹਿਕਮਾ ਨਾਕਾਮ ਰਿਹਾ ਹੈ। ਰਿਪੋਰਟ ’ਚ ਕਿਹਾ ਹੈ ਕਿ ਜ਼ਿਲ੍ਹਾ ਖੇਤੀ ਅਫ਼ਸਰ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਝੋਨੇ ਦੀ ਕਾਸ਼ਤ ਹੇਠ ਰਕਬਾ ਘਟਾਉਣ ’ਚ ਵੀ ਨਾਕਾਮ ਰਿਹਾ ਹੈ। ਮਿੱਥੇ ਗਏ ਸੰਭਾਵੀ ਰਕਬੇ ਤੋਂ ਝੋਨੇ ਦੀ ਕਾਸ਼ਤ ਵੱਧ ਗਈ ਹੈ।

Advertisement

ਰਿਪੋਰਟ ਅਨੁਸਾਰ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੂੰ 2 ਜੁਲਾਈ ਨੂੰ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੇ ਵੇਰਵੇ ਵਿਸਥਾਰ ’ਚ ਦੇਣ ਲਈ ਕਿਹਾ ਸੀ ਪਰ ਇਸ ਅਧਿਕਾਰੀ ਨੇ 24 ਜੁਲਾਈ ਤੱਕ ਕੋਈ ਵੇਰਵੇ ਨਹੀਂ ਦਿੱਤੇ। ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਖੇਤੀ ਮਸ਼ੀਨਰੀ ਦੀ ਰਿਪੋਰਟ ਨਹੀਂ ਦਿੱਤੀ ਅਤੇ ਅਧਿਕਾਰੀ ਨੇ ਵਿਭਾਗ ਦਾ ਅਕਸ ਖ਼ਰਾਬ ਕੀਤਾ ਹੈ। ਇਸੇ ਤਰ੍ਹਾਂ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੂੰ ਮੁਅੱਤਲ ਕਰਕੇ ਤਾਇਨਾਤੀ ਮੁੱਖ ਦਫ਼ਤਰ ’ਚ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਲ 2018-19 ਤੋਂ ਪਰਾਲੀ ਪ੍ਰਬੰਧਨ ਵਾਸਤੇ ਲਾਭਪਾਤਰੀ ਕਿਸਾਨਾਂ, ਰਜਿਸਟਰਡ ਕਿਸਾਨ ਸਮੂਹਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੂੰ ਖੇਤੀ ਮਸ਼ੀਨਾਂ ਸਬਸਿਡੀ ’ਤੇ ਦਿੱਤੀਆਂ ਗਈਆਂ ਹਨ। ਕੇਂਦਰ ਸਰਕਾਰ ਵੱਲੋਂ ਸਾਲ 2018-19 ਤੋਂ ਹੁਣ ਤੱਕ ਚਾਰ ਸੂਬਿਆਂ ਨੂੰ ਖੇਤੀ ਮਸ਼ੀਨਰੀ ਲਈ 3623 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਜਾ ਚੁੱਕੀ ਹੈ ਜਿਸ ’ਚੋਂ ਸਭ ਤੋਂ ਵੱਧ ਪੰਜਾਬ ਨੂੰ 1681.45 ਕਰੋੜ ਰੁਪਏ ਮਿਲੇ ਹਨ। ਪਿਛਲੀ ਕਾਂਗਰਸ ਸਰਕਾਰ ਸਮੇਂ 1178 ਕਰੋੜ ਦੀ ਲਾਗਤ ਨਾਲ 90,422 ਖੇਤੀ ਮਸ਼ੀਨਾਂ ਦਿੱਤੀਆਂ ਗਈਆਂ ਸਨ। ਉਸ ਵਕਤ ਹੋਈ ਪੜਤਾਲ ’ਚ 11,275 ਮਸ਼ੀਨਾਂ ਲੱਭੀਆਂ ਹੀ ਨਹੀਂ ਸਨ ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ 140 ਕਰੋੜ ਦਾ ਰਗੜਾ ਲੱਗਿਆ ਸੀ।

ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ: ਡਾਇਰੈਕਟਰ

ਖੇਤੀ ਮਹਿਕਮੇ ਦੇ ਡਾਇਰੈਕਟਰ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀ ਰਿਪੋਰਟ ਦੇ ਅਧਾਰ ’ਤੇ ਮਹਿਕਮੇ ਵੱਲੋਂ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਲੇ ਇਹ ਵਿਸਥਾਰਤ ਪੜਤਾਲ ਦੀ ਲੋੜ ਹੈ ਕਿ ਕੀ ਪੰਜ ਸਾਲ ਪੁਰਾਣੀ ਖੇਤੀ ਮਸ਼ੀਨਰੀ ਲੱਭੀ ਨਹੀਂ ਹੈ ਜਾਂ ਮਸ਼ੀਨਰੀ ਖ਼ਰਾਬ ਹਾਲਤ ਵਿੱਚ ਕਿਤੇ ਹੋਰ ਖੜ੍ਹੀ ਸੀ। ਵੇਰਵਿਆਂ ਅਨੁਸਾਰ ਖੇਤੀ ਮਹਿਕਮੇ ਵੱਲੋਂ ਪਹਿਲਾਂ ਹੀ ਖੇਤੀ ਮਸ਼ੀਨਰੀ ਦਾ ਆਡਿਟ ਕਰਾਇਆ ਜਾ ਰਿਹਾ ਹੈ। ਪਰਾਲੀ ਪ੍ਰਬੰਧਨ ਵਾਸਤੇ ਕਿਸਾਨਾਂ ਨੂੰ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਤਾਂ ਮਿਲ ਗਈ ਹੈ ਪਰ ਉਨ੍ਹਾਂ ਨੂੰ ਇਸ ਮਸ਼ੀਨਰੀ ਨੂੰ ਖਿੱਚਣ ਵਾਸਤੇ ਵੱਡੇ ਟਰੈਕਟਰ ਵੀ ਲੈਣੇ ਪੈ ਰਹੇ ਹਨ।

 

 

Advertisement