‘ਦਹਿਸ਼ਤਗਰਦੀ ਦੇ ਹਮਾਇਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ’
ਕਨਾਨਸਕਿਸ, 18 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਿਵਾਦ ਖ਼ਿਲਾਫ਼ ਭਾਰਤ ਦੇ ਰੁਖ਼ ਨੂੰ ਦੁਹਰਾਉਂਦਿਆਂ ਜੀ-7 ਦੇ ਆਗੂਆਂ ਨੂੰ ਅਤਿਵਾਦ ਖ਼ਿਲਾਫ਼ ਆਲਮੀ ਕਾਰਵਾਈ ਤੇਜ਼ ਕਰਨ ਦੀ ਅਪੀਲ ਕੀਤੀ ਅਤੇ ਇਸ ਨੂੰ ‘ਹੱਲਾਸ਼ੇਰੀ ਤੇ ਹਮਾਇਤ’ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ ਦੀ ਵਕਾਲਤ ਕੀਤੀ। ਇਥੇ ਜੀ-7 ਆਊਟਰੀਚ ਸੈਸ਼ਨ ’ਚ ਮੰਗਲਵਾਰ ਨੂੰ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਤਿਵਾਦ ਦੀ ਹਮਾਇਤ ਕਰਨ ਵਾਲੇ ਮੁਲਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘‘ਆਲਮੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਸਾਡੀ ਸੋਚ ਤੇ ਨੀਤੀ ਸਪੱਸ਼ਟ ਹੋਣੀ ਚਾਹੀਦੀ ਹੈ, ਜੇ ਕੋਈ ਮੁਲਕ ਅਤਿਵਾਦ ਦੀ ਹਮਾਇਤ ਕਰਦਾ ਹੈ ਤਾਂ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਇਕ ਪਾਸੇ ਅਸੀਂ ਆਪਣੀ ਤਰਜੀਹ ਦੇ ਆਧਾਰ ’ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ’ਚ ਜਲਦਬਾਜ਼ੀ ਕਰਦੇ ਹਾਂ ਤਾਂ ਦੂਜੇ ਪਾਸੇ ਜਿਹੜੇ ਮੁਲਕ ਸ਼ਰੇਆਮ ਅਤਿਵਾਦ ਦੀ ਹਮਾਇਤ ਕਰਦੇ ਹਨ, ਉਨ੍ਹਾਂ ਨੂੰ ਇਨਾਮ ਦਿੱਤੇ ਜਾਂਦੇ ਹਨ।’’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ‘ਐਕਸ’ ’ਤੇ ਲਿਖਿਆ, ‘‘ਪ੍ਰਧਾਨ ਮੰਤਰੀ ਨੇ ਅਤਿਵਾਦ ਖ਼ਿਲਾਫ਼ ਭਾਰਤ ਦੇ ਰੁਖ਼ ਨੂੰ ਦੁਹਰਾਇਆ ਅਤੇ ਪਹਿਲਗਾਮ ’ਚ ਹੋਏ ਭਿਆਨਕ ਦਹਿਸ਼ਤੀ ਹਮਲੇ ਦੀ ਨਿੰਦਾ ਕਰਨ ਲਈ ਆਗੂਆਂ ਦਾ ਧੰਨਵਾਦ ਕੀਤਾ।’’ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ‘ਗਲੋਬਲ ਸਾਊਥ’ ਦੀਆਂ ਚਿੰਤਾਵਾਂ ਅਤੇ ਤਰਜੀਹਾਂ ’ਤੇ ਧਿਆਨ ਦਿੱਤੇ ਜਾਣ ਦਾ ਵੀ ਸੱਦਾ ਦਿੱਤਾ। ਮੋਦੀ ਨੇ ਮਸਨੂਈ ਬੌਧਿਕਤਾ (ਏਆਈ) ਨਾਲ ਜੁੜੀਆਂ ਚਿੰਤਾਵਾਂ ਨਾਲ ਸਿੱਝਣ ਅਤੇ ਇਸ ਖੇਤਰ ’ਚ ਕਾਢਾਂ ਨੂੰ ਹੱਲਾਸ਼ੇਰੀ ਦੇਣ ਲਈ ਆਲਮੀ ਸ਼ਾਸਨ ਦੇ ਮੁੱਦਿਆਂ ਨਾਲ ਨਜਿੱਠਣ ਦਾ ਵੀ ਸੱਦਾ ਦਿੱਤਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਕੈਨੇਡਾ ਦੌਰਾ ਖ਼ਤਮ ਕਰ ਕੇ ਕ੍ਰੋਏਸ਼ੀਆ ਲਈ ਰਵਾਨਾ ਹੋ ਗਏ ਹਨ। -ਪੀਟੀਆਈ
ਮੋਦੀ ਦਾ ਟਰੰਪ ਨੂੰ ਜੁਆਬ: ਕਸ਼ਮੀਰ ਬਾਰੇ ਦਖ਼ਲ ਮਨਜ਼ੂਰ ਨਹੀਂ
ਨਵੀਂ ਦਿੱਲੀ ( ਅਜੈ ਬੈਨਰਜੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਪਿਛਲੇ ਮਹੀਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੋਕਣ ਲਈ ਅਮਰੀਕਾ ਨੇ ਵਪਾਰ ਦਾ ਲਾਲਚ ਦਿੱਤਾ ਸੀ। ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਨੇ ਕਸ਼ਮੀਰ ਬਾਰੇ ਕਦੇ ਵੀ ਕਿਸੇ ਤੀਜੀ ਧਿਰ ਦਾ ਦਖ਼ਲ ਸਵੀਕਾਰ ਨਹੀਂ ਕੀਤਾ ਹੈ ਅਤੇ ਨਾ ਹੀ ਭਵਿੱਖ ਵਿਚ ਉਹ ਕਦੇ ਇਸ ਨੂੰ ਮਨਜ਼ੂਰ ਕਰੇਗਾ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ‘ਐਕਸ’ ’ਤੇ ਇਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ’ਤੇ 35 ਮਿੰਟ ਦੇ ਕਰੀਬ ਗੱਲਬਾਤ ਕੀਤੀ। ਉਂਝ ਇਹ ਪਹਿਲੀ ਵਾਰ ਹੈ ਜਦੋਂ ਮੋਦੀ ਨੇ ਟਰੰਪ ਵੱਲੋਂ ਭਾਰਤ-ਪਾਕਿ ਗੋਲੀਬੰਦੀ ਵਿਚ ਵਿਚੋਲਗੀ ਨੂੰ ਲੈ ਕੇ ਵਾਰ ਵਾਰ ਕੀਤੇ ਜਾਂਦੇ ਦਾਅਵਿਆਂ ਬਾਰੇ ਕੋਈ ਟਿੱਪਣੀ ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਭਾਰਤ-ਪਾਕਿ ’ਚ ਟਕਰਾਅ ਰੋਕਣ ਲਈ ਵਪਾਰ ਦਾ ਲਾਲਚ ਦਿੱਤਾ ਸੀ ਤੇ ਕਸ਼ਮੀਰ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਪੇਸ਼ਕਸ਼ ਦੁਹਰਾਈ ਸੀ।
ਮਿਸਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਸਾਫ਼ ਕਰ ਦਿੱਤਾ ਕਿ ਪੂਰੇ ਘਟਨਾਕ੍ਰਮ (7 ਤੋਂ 10 ਮਈ) ਦੌਰਾਨ ਕਿਸੇ ਵੀ ਸਮੇਂ, ਕਿਸੇ ਵੀ ਪੱਧਰ ’ਤੇ, ਭਾਰਤ-ਅਮਰੀਕਾ ਵਪਾਰ ਸਮਝੌਤੇ ਜਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਰੀਕਾ ਵੱਲੋਂ ਵਿਚੋਲਗੀ ਵਰਗੇ ਮੁੱਦਿਆਂ ’ਤੇ ਚਰਚਾ ਨਹੀਂ ਕੀਤੀ ਗਈ।’’ ਉਨ੍ਹਾਂ ਕਿਹਾ ਕਿ ਮੋਦੀ ਨੇ ਸਪੱਸ਼ਟ ਆਖਿਆ ਕਿ ਫੌਜੀ ਕਾਰਵਾਈ ਰੋਕਣ ਲਈ ਪਾਕਿਸਤਾਨ ਨੇ ਬੇਨਤੀ ਕੀਤੀ ਸੀ। ਇਸ ਮਗਰੋਂ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਦੇ ਅਧਿਕਾਰੀਆਂ ਨੇ ਸਿੱਧੇ ਖੁਦ ਹੀ ਗੱਲਬਾਤ ਕੀਤੀ ਸੀ। ਮਿਸਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਕਦੇ ਵੀ ਵਿਚੋਲਗੀ ਸਵੀਕਾਰ ਨਹੀਂ ਕੀਤੀ ਹੈ ਅਤੇ ਨਾ ਹੀ ਉਹ ਇਸ ਨੂੰ ਕਦੇ ਕਰੇਗਾ। ਇਸ ਮੁੱਦੇ ’ਤੇ ਭਾਰਤ ਵਿੱਚ ਸਿਆਸੀ ਤੌਰ ’ਤੇ ਸਾਰੀਆਂ ਸਿਆਸੀ ਧਿਰਾਂ ’ਚ ਮੁਕੰਮਲ ਸਹਿਮਤੀ ਹੈ।’’ ਵਿਦੇਸ਼ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਵੱਲੋਂ ਉਠਾਏ ਗਏ ਨੁਕਤਿਆਂ ਨੂੰ ਸਮਝਿਆ ਅਤੇ ਅਤਿਵਾਦ ਵਿਰੁੱਧ ਭਾਰਤ ਦੀ ਲੜਾਈ ਲਈ ਸਹਿਮਤੀ ਦਿੱਤੀ। ਮੋਦੀ ਨੇ ਟਰੰਪ ਨੂੰ ਦੱਸਿਆ ਕਿ ਭਾਰਤ ਹੁਣ ਦਹਿਸ਼ਤੀ ਸਰਗਰਮੀਆਂ ਨੂੰ ਅਸਿੱਧੇ ਤੌਰ ’ਤੇ ਹਮਲੇ ਵਜੋਂ ਨਹੀਂ ਸਗੋਂ ਜੰਗੀ ਕਾਰਵਾਈ ਵਜੋਂ ਲਵੇਗਾ। ਜ਼ਿਕਰਯੋਗ ਹੈ ਕਿ ਟਰੰਪ ਨੇ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਦੁਪਹਿਰ ਦੇ ਖਾਣੇ ਦੀ ਨਿਰਧਾਰਤ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਮੋਦੀ ਨਾਲ ਗੱਲਬਾਤ ਕੀਤੀ ਹੈ। ਚਰਚਾ ਦੌਰਾਨ ਮੋਦੀ ਨੇ ਟਰੰਪ ਨੂੰ ‘ਅਪਰੇਸ਼ਨ ਸਿੰਧੂਰ’ ਬਾਰੇ ਵੀ ਜਾਣਕਾਰੀ ਦਿੱਤੀ। ਪਹਿਲਗਾਮ ਵਿਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਟਰੰਪ ਨੇ ਮੋਦੀ ਨਾਲ ਫੋਨ ’ਤੇ ਦੁੱਖ ਜਤਾਉਂਦਿਆਂ ਅਤਿਵਾਦ ਖ਼ਿਲਾਫ਼ ਹਮਾਇਤ ਦਾ ਭਰੋਸਾ ਦਿੱਤਾ ਸੀ। ਉਸ ਤੋਂ ਬਾਅਦ ਦੋਵੇਂ ਆਗੂਆਂ ਦਰਮਿਆਨ ਇਹ ਪਹਿਲੀ ਗੱਲਬਾਤ ਸੀ।
ਕੈਨੇਡਾ ਵਿਚ ਜੀ-7 ਸਿਖਰ ਸੰਮੇਲਨ ਤੋਂ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਬੈਠਕ ਤਜਵੀਜ਼ਤ ਸੀ ਪਰ ਟਰੰਪ ਵੱਲੋਂ ਸੰਮੇਲਨ ਵਿਚਾਲੇ ਛੱਡ ਕੇ ਵਾਸ਼ਿੰਗਟਨ ਪਰਤਣ ਕਾਰਨ ਇਹ ਮੁਲਾਕਾਤ ਨਹੀਂ ਹੋ ਸਕੀ। ਇਹ ਟੈਲੀਫੋਨ ਕਾਲ ਰਾਸ਼ਟਰਪਤੀ ਟਰੰਪ ਦੀ ਬੇਨਤੀ ’ਤੇ ਹੋਈ ਸੀ, ਜਿਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਸੀ ਕਿ ਕੀ ਉਹ ਕੈਨੇਡਾ ਤੋਂ ਵਾਪਸ ਆਉਂਦੇ ਸਮੇਂ ਅਮਰੀਕਾ ਰੁਕ ਸਕਦੇ ਹਨ। ਮੋਦੀ ਨੇ ਪਹਿਲਾਂ ਤੋਂ ਨਿਰਧਾਰਤ ਰੁਝੇਵਿਆਂ ਕਾਰਨ ਤੁਰੰਤ ਅਮਰੀਕਾ ਆਉਣ ’ਤੇ ਆਪਣੀ ਅਸਮਰੱਥਾ ਜ਼ਾਹਰ ਕੀਤੀ। ਟਰੰਪ ਅਤੇ ਮੋਦੀ ਨੇ ਇਜ਼ਰਾਈਲ-ਇਰਾਨ ਟਕਰਾਅ ’ਤੇ ਵੀ ਚਰਚਾ ਕੀਤੀ। ਰੂਸ-ਯੂਕਰੇਨ ਟਕਰਾਅ ਦੇ ਮੁੱਦੇ ਤੇ ਦੋਵੇਂ ਆਗੂ ਇਸ ਗੱਲ ਲਈ ਸਹਿਮਤ ਹੋਏ ਕਿ ਜਲਦੀ ਸ਼ਾਂਤੀ ਲਈ ਦੋਵੇ ਮੁਲਕਾਂ ਵਿਚਕਾਰ ਸਿੱਧੀ ਗੱਲਬਾਤ ਜ਼ਰੂਰੀ ਹੈ ਅਤੇ ਇਸ ਲਈ ਯਤਨ ਜਾਰੀ ਰਹਿਣੇ ਚਾਹੀਦੇ ਹਨ। ਦੋਵੇਂ ਆਗੂਆਂ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ਬਾਰੇ ਵੀ ਆਪਣੇ ਨਜ਼ਰੀਏ ਸਾਂਝੇ ਕੀਤੇ ਅਤੇ ਖੇਤਰ ਵਿੱਚ ਕੁਆਡ ਦੀ ਮਹੱਤਵਪੂਰਨ ਭੂਮਿਕਾ ਲਈ ਸਮਰਥਨ ਪ੍ਰਗਟ ਕੀਤਾ। ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਕੁਆਡ ਦੀ ਮੀਟਿੰਗ ਲਈ ਭਾਰਤ ਆਉਣ ਦਾ ਸੱਦਾ ਦਿੱਤਾ। ਰਾਸ਼ਟਰਪਤੀ ਟਰੰਪ ਨੇ ਸੱਦਾ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਉਹ ਭਾਰਤ ਆਉਣ ਲਈ ਬੇਤਾਬ ਹਨ।
ਮੋਦੀ ਨੇ ਆਲਮੀ ਆਗੂਆਂ ਨਾਲ ਦੁਵੱਲੇ, ਖੇਤਰੀ ਤੇ ਕੌਮਾਂਤਰੀ ਮੁੱਦੇ ਵਿਚਾਰੇ
ਕਨਾਨਸਕਿਸ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸਿਖਰ ਸੰਮੇਲਨ ਤੋਂ ਇਕ ਪਾਸੇ ਕਈ ਆਲਮੀ ਆਗੂਆਂ ਨਾਲ ਮੀਟਿੰਗਾਂ ਕਰਕੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ। ਇਹ ਮੀਟਿੰਗਾਂ ਵਪਾਰ, ਨਿਵੇਸ਼, ਅਤਿਵਾਦ ਦੇ ਟਾਕਰੇ ਅਤੇ ਆਲਮੀ ਚੁਣੌਤੀਆਂ ਜਿਹੇ ਮੁੱਦਿਆਂ ’ਤੇ ਕੇਂਦਰਿਤ ਸਨ। ਉਨ੍ਹਾਂ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇਇ-ਮਯੁੰਗ, ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ, ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬਾਮ, ਜਰਮਨ ਚਾਂਸਲਰ ਫਰੈਡਰਿਕ ਮਰਜ਼, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸਿਓ ਲੂਲਾ ਡਾ ਸਿਲਵਾ, ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਅਤੇ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ। ਮੋਦੀ ਨੇ ਫਰਾਂਸੀਸੀ ਰਾਸ਼ਟਰਪਤੀ ਮੈਕਰੌਂ ਨੂੰ ਆਪਣਾ ਗੂੜ੍ਹਾ ਦੋਸਤ ਕਰਾਰ ਦਿੰਦਿਆਂ ਕੁੱਲ ਆਲਮ ਨੂੰ ਬਿਹਤਰ ਬਣਾਉਣ ਲਈ ਰਲ ਕੇ ਕੰਮ ਕਰਨ ’ਤੇ ਸਹਿਮਤੀ ਜਤਾਈ। ਆਪਣੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨਾਲ ਗੱਲਬਾਤ ਮਗਰੋਂ ਮੋਦੀ ਨੇ ਕਿਹਾ ਕਿ ਭਾਰਤ ਅਤੇ ਯੂਕੇ ਦੇ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਇਤਾਲਵੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਵੱਲੋਂ ਇਟਲੀ ਅਤੇ ਭਾਰਤ ਦੇ ਦੋਸਤਾਨਾ ਸਬੰਧਾਂ ਬਾਰੇ ਦਿੱਤੇ ਬਿਆਨ ਨਾਲ ਸਹਿਮਤੀ ਜਤਾਈ ਅਤੇ ਕਿਹਾ ਕਿ ਦੋਵੇਂ ਮੁਲਕਾਂ ਦੇ ਦੋਸਤਾਨਾ ਸਬੰਧਾਂ ਨਾਲ ਭਾਰਤ ਅਤੇ ਇਟਲੀ ਦੇ ਲੋਕਾਂ ਨੂੰ ਲਾਹਾ ਮਿਲੇਗਾ। -ਪੀਟੀਆਈ
ਮੋਦੀ ਦੇਸ਼ ਨੂੰ ਟਰੰਪ ਨਾਲ ਗੱਲਬਾਤ ਦੀ ਜਾਣਕਾਰੀ ਦੇਣ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਮੁਲਕਾਂ ਦੇ ਦੌਰੇ ਤੋਂ ਪਰਤਣ ਮਗਰੋਂ ਤੁਰੰਤ ਸਰਬ-ਪਾਰਟੀ ਮੀਟਿੰਗ ਸੱਦ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ’ਤੇ ਹੋਈ ਗੱਲਬਾਤ ਬਾਰੇ ਜਾਣਕਾਰੀ ਦੇਣ ਅਤੇ ਦੇਸ਼ ਨੂੰ ਭਰੋਸੇ ’ਚ ਲੈਣ। ਕਾਂਗਰਸ ਨੇ ਪਾਕਿਸਤਾਨੀ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੂੰ ਟਰੰਪ ਵੱਲੋਂ ਦਿੱਤੇ ਦੁਪਹਿਰ ਦੇ ਭੋਜਣ ਦੇ ਸੱਦੇ ਨੂੰ ਵੀ ਭਾਰਤ ਲਈ ਵੱਡਾ ਝਟਕਾ ਕਰਾਰ ਦਿੱਤਾ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਮਰੀਕੀ ਰਾਸ਼ਟਰਪਤੀ ਕੋਲ ਇਸ ਬਾਰੇ ਆਪਣੀ ਨਾਰਾਜ਼ਗੀ ਪ੍ਰਗਟ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਹੁੰਦੇ ਤਾਂ ਉਨ੍ਹਾਂ ਪਾਕਿਤਸਾਨੀ ਫੌਜ ਮੁਖੀ ਨੂੰ ਦਿੱਤੇ ਸੱਦੇ ’ਤੇ ਅਮਰੀਕਾ ਦੇ ਰਾਸ਼ਟਰਪਤੀ ਕੋਲ ਆਪਣੀ ਨਾਰਾਜ਼ਗੀ ਪ੍ਰਗਟ ਕਰ ਦੇਣੀ ਸੀ। ਜੈਰਾਮ ਰਮੇਸ਼ ਨੇ ਕਿਹਾ ਕਿ ਅਮਰੀਕੀ ਜਨਰਲ ਮਾਈਕਲ ਕੁਰਿੱਲਾ ਦਾ ਬਿਆਨ ਵੀ ਭਾਰਤ ਦੀ ਵਿਦੇਸ਼ ਨੀਤੀ ਲਈ ਵੱਡਾ ਝਟਕਾ ਸੀ, ਜਦੋਂ ਉਨ੍ਹਾਂ ਕਿਹਾ ਸੀ ਕਿ ਅਤਿਵਾਦ ਖ਼ਿਲਾਫ਼ ਅਮਰੀਕਾ ਦੀ ਜੰਗ ’ਚ ਪਾਕਿਸਤਾਨ ਉਨ੍ਹਾਂ ਦਾ ਅਹਿਮ ਭਾਈਵਾਲ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਾਰਗਿਲ ਨਜ਼ਰਸਾਨੀ ਕਮੇਟੀ ਦੀ ਤਰਜ਼ ’ਤੇ ‘ਪਹਿਲਗਾਮ ਨਜ਼ਰਸਾਨੀ ਕਮੇਟੀ’ ਬਣਾਏ। -ਪੀਟੀਆਈ
ਕਾਂਗਰਸ ਦੇ ਹਰ ਝੂਠ ਦਾ ਪਰਦਾਫਾਸ਼ ਹੋਇਆ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ‘ਅਪਰੇਸ਼ਨ ਸਿੰਧੂਰ’ ਬਾਰੇ ਹੋਈ ਗੱਲਬਾਤ ਨਾਲ ਕਾਂਗਰਸ ਦੇ ਹਰੇਕ ਝੂਠ ਦਾ ਪਰਦਾਫਾਸ਼ ਹੋ ਗਿਆ ਹੈ। ਪਾਰਟੀ ਨੇ ਕਿਹਾ ਕਿ ਜੇ ਵਿਰੋਧੀ ਧਿਰ ਨੂੰ ਹਾਲੇ ਵੀ ਯਕੀਨ ਨਹੀਂ ਹੁੰਦਾ ਹੈ ਤਾਂ ਫਿਰ ਉਸ ਨੂੰ ਪਾਕਿਸਤਾਨ ਦਾ ਭਾਈਵਾਲ ਸਮਝਿਆ ਜਾਣਾ ਚਾਹੀਦਾ ਹੈ। ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ, ‘‘ਕਾਂਗਰਸ ਅਤੇ ਉਸ ਦੀ ਟਰੋਲ ਆਰਮੀ ਇਸ ਤੱਥ ਨੂੰ ਹਜ਼ਮ ਨਹੀਂ ਕਰ ਸਕੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਸਪੱਸ਼ਟ ਸ਼ਬਦਾਂ ’ਚ ਆਖ ਦਿੱਤਾ ਹੈ ਕਿ ਭਾਰਤ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕਰੇਗਾ। -ਪੀਟੀਆਈ
ਮੋਦੀ ਨੇ ਆਲਮੀ ਆਗੂਆਂ ਨਾਲ ਦੁਵੱਲੇ, ਖੇਤਰੀ ਤੇ ਕੌਮਾਂਤਰੀ ਮੁੱਦੇ ਵਿਚਾਰੇ
ਕਨਾਨਸਕਿਸ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸਿਖਰ ਸੰਮੇਲਨ ਤੋਂ ਇਕ ਪਾਸੇ ਕਈ ਆਲਮੀ ਆਗੂਆਂ ਨਾਲ ਮੀਟਿੰਗਾਂ ਕਰਕੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ। ਇਹ ਮੀਟਿੰਗਾਂ ਵਪਾਰ, ਨਿਵੇਸ਼, ਅਤਿਵਾਦ ਦੇ ਟਾਕਰੇ ਅਤੇ ਆਲਮੀ ਚੁਣੌਤੀਆਂ ਜਿਹੇ ਮੁੱਦਿਆਂ ’ਤੇ ਕੇਂਦਰਿਤ ਸਨ। ਉਨ੍ਹਾਂ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ, ਜਰਮਨ ਚਾਂਸਲਰ ਫਰੈਡਰਿਕ ਮਰਜ਼, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨਾਲ ਮੀਟਿੰਗਾਂ ਕੀਤੀਆਂ। -ਪੀਟੀਆਈ