ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਲੋਕਾਂ ਨੂੰ ਸਮਰਪਿਤ
ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਪਿੰਡ ਬਾਦਲ ਵਿੱਚ 12.5 ਫੁੱਟ ਉੱਚਾ ਬੁੱਤ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਬਜ਼ੁਰਗ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਅਕਾਲੀ ਦਲ ਦਾ 70 ਫੁੱਟ ਉੱਚਾ ਝੰਡਾ ਲਹਿਰਾਇਆ। ਇਸ ਤੋਂ ਪਹਿਲਾਂ ਸਮਾਰਕ ’ਤੇ ਧਾਰਮਿਕ ਸਮਾਗਮ ਹੋਇਆ, ਜਿਸ ਵਿੱਚ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਸਮਾਗਮ ’ਚ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹੋਣ ’ਤੇ ਫਖ਼ਰ ਕਰਦਿਆਂ ਸਾਬਕਾ ਮੁੱਖ ਮੰਤਰੀ ਦੇ 22 ਸਾਲਾ ਰਾਜ ਨੂੰ ਵਿਕਾਸ ਦਾ ਪ੍ਰਤੀਕ ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਤੇ ਬਾਅਦ ਵਿੱਚ ਰਹੇ ਮੁੱਖ ਮੰਤਰੀਆਂ ਦੀ ਪੰਜਾਬ ਨੂੰ ਕੋਈ ਵੱਡੀ ਦੇਣ ਨਹੀਂ ਹੈ।
ਇਸ ਦੌਰਾਨ ਸ੍ਰੀ ਭੂੰਦੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਅਭੈ ਸਿੰਘ ਚੌਟਾਲਾ ਨੇ ਸਾਬਕਾ ਮੁੱਖ ਮੰਤਰੀ ਨੂੰ ਵਿਲੱਖਣ ਹਸਤੀ ਕਰਾਰ ਦਿੱਤਾ। ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਏਜੰਸੀਆਂ ਪੰਜਾਬ ਵਿੱਚ ਮੁੜ ਲਾਂਭੂ ਲਗਾਉਣਾ ਚਾਹੁੰਦੀਆਂ ਹਨ। ਇਸ ਲਈ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਤਾਏ ਦੀ ਸ਼ਖ਼ਸੀਅਤ ਨੂੰ ਸਲਾਮ ਕੀਤਾ। ਇਸ ਮੌਕੇ ਬੁੱਤਘਾੜੇ ਗੁਰਪ੍ਰੀਤ ਧੂਰੀ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਦੇ ਬੁੱਤ ਦੇ ਉਦਘਾਟਨ ਮੌਕੇ ਉਨ੍ਹਾਂ ਦੀ ਧੀ ਪ੍ਰਨੀਤ ਕੌਰ ਭਾਵੁਕ ਹੋ ਗਈ। ਮੰਚ ਸੰਚਾਲਨ ਦਲਜੀਤ ਸਿੰਘ ਚੀਮਾ ਨੇ ਕੀਤਾ। ਹਜ਼ੂਰੀ ਰਾਗੀ ਜੁਝਾਰ ਸਿੰਘ ਅਤੇ ਜਥੇ ਨੇ ਕੀਰਤਨ ਕੀਤਾ। ਇਸ ਮੌਕੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਪਿਆਰਾ ਸਿੰਘ, ਤੇਜਵੀਰ ਸਿੰਘ, ਕਾਂਗਰਸ ਆਗੂ ਫਤਹਿ ਸਿੰਘ ਬਾਦਲ, ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਪਵਨਪ੍ਰੀਤ ਸਿੰਘ ‘ਬੌਬੀ ਬਾਦਲ’, ਅਨੰਤਬੀਰ ਸਿੰਘ ਬਾਦਲ, ਕੌਮੀ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ, ਪੀ ਏ ਸੀ ਮੈਂਬਰ ਅਵਤਾਰ ਵਣਵਾਲਾ, ਹੈਪੀ ਪੀ ਏ, ਓ ਐੱਸ ਡੀ ਗੁਰਚਰਨ ਸਿੰਘ, ਬਲਕਰਨ ਸਿੰਘ, ਅਨਮੋਲ ਮਹਿਣਾ, ਵਿਕਰਮ ਭੁੱਲਰ, ਹਰਵੀ ਬਾਦਲ, ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ, ਬਲਜੀਤ ਸਿੰਘ ਬੀੜ ਬਹਿਮਣ, ਡਾ. ਓਮ ਪ੍ਰਕਾਸ਼, ਗੁਰਬਖ਼ਸ਼ੀਸ਼ ਸਿੰਘ, ਡਾ. ਐੱਸ ਐੱਸ ਸੰਘਾ, ਰਣਯੋਧ ਲੰਬੀ, ਜਗਮੀਤ ਚਾਹਲ ਖੁੱਡੀਆਂ, ਹਰਮੇਸ਼ ਖੁੱਡੀਆਂ, ਲਖਬੀਰ ਮਹਿਣਾ, ਜਿੰਮੀ ਮਹਿਣਾ, ਡਾ. ਬਲਵਿੰਦਰ ਸਿੰਘ, ਜਸਵਿੰਦਰ ਧੌਲਾ ਅਤੇ ਗੁਰਮੇਲ ਸਿੰਘ ਭਾਟੀ ਮੌਜੂਦ ਸਨ।
